2013 ‘ਚ ਪਟਨਾ ਵਿਖੇ ਗਾਂਧੀ ਮੈਦਾਨ ਵਿਚ ਧਮਾਕਾ ਕਰਨ ਵਾਲੇ 4 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਤੇ ਦੋ ਨੂੰ ਉਮਰ ਕੈਦ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦੋ ਹੋਰ ਦੋਸ਼ੀਆਂ ਨੂੰ ਉਮਰਕੈਦ, ਦੋ ਨੂੰ 10 ਸਾਲ ਦੀ ਸਜ਼ਾ ਤੇ ਇਕ ਦੋਸ਼ੀ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਦੋਸ਼ੀਆਂ ਨੇ 2013 ਵਿਚ ਪੀ. ਐੱਮ. ਮੋਦੀ ਦੀ ਰੈਲੀ ਦੌਰਾਨ ਧਮਾਕੇ ਕੀਤੇ ਸਨ।
ਇਸ ਮਾਮਲੇ ਵਿਚ ਪਹਿਲਾਂ ਹੀ 5 ਅੱਤਵਾਦੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚ ਉਮਰ ਸਿੱਦੀਕੀ, ਅਜ਼ਹਰੂਦੀਨ, ਅਹਿਮਦ ਹੁਸੈਨ, ਫਕਰੂਦੀਨ, ਫਿਰੋਜ਼ ਆਲਮ ਉਰਫ ਪੱਪੂ, ਨੁਮਾਨ ਅੰਸਾਰੀ, ਇਫਤਿਖਾਰ ਆਲਮ, ਹੈਦਰ ਅਲੀ ਉਰਫ ਅਬਦੁੱਲਾ, ਮੁਹੰਮਦ, ਮੋਜੀਬੁੱਲਾ ਅੰਸਾਰੀ ਅਤੇ ਇਮਤਿਆਜ਼ ਅੰਸਾਰੀ ਉਰਫ ਆਲਮ ਸ਼ਾਮਲ ਹਨ। ਇਨ੍ਹਾਂ ਵਿੱਚੋਂ ਇਮਤਿਆਜ਼, ਉਮਰ, ਅਜ਼ਹਰ, ਮੋਜੀਬੁੱਲਾ ਅਤੇ ਹੈਦਰ ਨੂੰ ਬੋਧਗਯਾ ਲੜੀਵਾਰ ਬੰਬ ਧਮਾਕਿਆਂ ਵਿੱਚ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ ਹੈ।
ਇਸ ਬੰਬ ਬਲਾਸਟ ਮਾਮਲੇ ਵਿਚ 8 ਸਾਲ ਬਾਅਦ 27 ਅਕਤੂਬਰ ਨੂੰ ਪਟਨਾ ਦੀ ਵਿਸ਼ੇਸ਼ ਅਦਾਲਤ NIA ਨੇ 9 ਅੱਤਵਾਦੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਅੱਜ 1 ਨਵੰਬਰ ਨੂੰ ਸਜ਼ਾ ਸੁਣਾਈ ਗਈ ਹੈ। ਇਸ ਹਮਲੇ ਵਿਚ 10 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ ਸਨ।
ਮੋਦੀ ਦੀ ਰੈਲੀ ਵਾਲੀ ਥਾਂ ‘ਤੇ 2013 ਵਿਚ ਇੱਕ ਤੋਂ ਬਾਅਦ ਕੁੱਲ 8 ਧਮਾਕੇ ਹੋਏ ਸਨ। ਧਮਾਕਿਆਂ ਦੇ ਬਾਵਜੂਦ ਨਰਿੰਦਰ ਮੋਦੀ ਨੇ ਰੈਲੀ ਨੂੰ ਸੰਬੋਧਨ ਕੀਤਾ ਸੀ। 8 ਵਿਚੋਂ 2 ਧਮਾਕੇ ਰੈਲੀ ਖਤਮ ਹੋਣ ਤੋਂ ਬਾਅਦ ਸੁਰੱਖਿਆ ਜਾਂਚ ਦੌਰਾਨ ਹੋਏ ਸਨ। ਲੋਕ ਸਭਾ ਚੋਣਾਂ ਲਈ ਗਾਂਧੀ ਮੈਦਾਨ ਵਿਚ ਹੁੰਕਾਰ ਭਰਨ ਆਏ ਮੋਦੀ ਦੇ ਰੈਲੀ ਵਿਚ ਪਹੁੰਚਣ ਤੋਂ ਪਹਿਲਾਂ ਗਾਂਧੀ ਮੈਦਾਨ ਕੋਲ ਠੀਕ 11.45 ਵਜੇ ਧਮਾਕਾ ਹੋਇਆ। ਉਦੋਂ ਸ਼ਾਹਨਵਾਜ ਹੁਸੈਨ ਮੰਚ ਤੋਂ ਭਾਸ਼ਣ ਦੇ ਰਹੇ ਸਨ।
ਪਹਿਲਾਂ ਇਹ ਕੇਸ ਗਾਂਧੀ ਮੈਦਾਨ ਤੇ ਪਟਨਾ ਰੇਲ ਥਾਣੇ ਵਿਚ ਦਰਜ ਕੀਤਾ ਗਿਆ ਸੀ ਤੇ ਬਾਅਦ ਵਿਚ ਇਹ ਐੱਨ. ਆਈ. ਏ. ਨੂੰ ਸੌਂਪ ਦਿੱਤਾ ਗਿਆ। ਇਸ ਵਿਚ ਕੁੱਲ 11 ਦੋਸ਼ੀ ਸਨ, ਇਕ ਦੋਸ਼ੀ ਨਾਬਾਲਗ ਸੀ ਜਿਸ ਕਾਰਨ ਉਸ ਦੀ ਸੁਣਵਾਈ ਵੱਖ ਤੋਂ ਹੋਈ। NIA ਨੇ 10 ਦੋਸ਼ੀਆਂ ਖਿਲਾਫ 22 ਅਗਸਤ 2014 ਨੂੰ ਦੋਸ਼ ਪੱਤਰ ਦਾਖਲ ਕੀਤਾ ਸੀ। ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬੇਊਰ ਜੇਲ ਵਿਚ ਬੰਦ ਕਰ ਦਿੱਤਾ ਗਿਆ। ਪਿਛਲੀ 27 ਅਕਤੂਬਰ ਨੂੰ ਕੋਰਟ ਵਿਚ ਸੁਣਵਾਈ ਕੀਤੀ ਗਈ ਸੀ ਜਿਸ ਵਿਚ ਇੱਕ ਦੋਸ਼ੀ ਫਖਰੂਦੀਨ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਜਦੋਂ ਕਿ ਬਾਕੀ 9 ਦੋਸ਼ੀਆਂ ਨੂੰ ਦੋਸ਼ੀ ਮੰਨਿਆ ਗਿਆ ਸੀ।