ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਪਿਤਾ ਸ. ਮਹਾਂ ਸਿੰਘ ਮਾਤਾ ਰਾਜ ਕੌਰ ਗੁੱਜਰਾਂਵਾਲਾ ਪਾਕਿਸਤਾਨ ਹੋਇਆ ਜਦੋਂ ਇਨ੍ਹਾਂ ਦੇ ਪਿਤਾ ਮਹਾਂ ਸਿੰਘ ਰਣ ਵਿੱਚੋਂ ਜਿੱਤ ਕੇ ਘਰ ਪਰਤ ਰਹੇ ਸਨ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂ ਰਣਜੀਤ ਸਿੰਘ ਰੱਖਿਆ। ਘੋੜਸਵਾਰੀ ਅਤੇ ਤਲਵਾਰ ਸ਼ਸਤਰ ਦਾ ਸ਼ੌਂਕ ਰੱਖਣ ਵਾਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ 18 ਸਾਲ ਦੀ ਉਮਰ ਵਿੱਚ ਹੀ (1799) ਵਿੱਚ ਲਾਹੌਰ ਤੇ ਕਬਜ਼ਾ ਕਰਕੇ ਮਹਾਰਾਜਾ ਦੀ ਪਦਵੀ ਹਾਸਲ ਕਰ ਲਈ ਸੀ ਆਪਣੇ ਰਾਜ ਦੌਰਾਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਸੀ 40 ਸਾਲ ਰਾਜ ਕਰਨ ਵਾਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਕੱਲੇ ਪੰਜਾਬ ਵਿੱਚ ਹੀ ਨਹੀਂ ਲੋਕਾਂ ਦੇ ਦਿਲਾਂ ਤੇ ਵੀ ਰਾਜ ਕੀਤਾ ।
ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ, ਸ਼ੁੱਕਰਚੱਕੀਆ ਮਿਸਲ ਦੇ ਜੱਥੇਦਾਰ ਸਨ ਅਤੇ ਉਨ੍ਹਾਂ ਦਾ ਇਲਾਕਾ ਅੱਜ ਦੇ ਲਹਿੰਦੇ ਪੰਜਾਬ ਦੇ ਗੁੱਜਰਾਂਵਾਲੇ ਦੇ ਦੁਆਲੇ ਸੀ। 1792 ਈ: ਵਿੱਚ ਮਹਾਂ ਸਿੰਘ ਦੀ ਮੌਤ ਪਿੱਛੋਂ ਮਿਸਲ ਦਾ ਰਾਜ-ਪ੍ਰਬੰਧ ਉਨ੍ਹਾਂ ਦੀ ਪਤਨੀ ਰਾਜ ਕੌਰ ਦੇ ਹੱਥਾਂ ਵਿੱਚ ਆ ਗਿਆ| ਉਨ੍ਹਾਂ ਨੇ ਸਾਰਾ ਕੰਮ-ਕਾਜ ਸਰਦਾਰ ਲਖਪਤ ਰਾਏ ਦੇ ਹਵਾਲੇ ਕਰ ਦਿੱਤਾ| 1796 ਈ: ਵਿੱਚ ਰਣਜੀਤ ਸਿੰਘ ਦਾ ਵਿਆਹ ਮਹਿਤਾਬ ਕੌਰ ਨਾਲ ਹੋ ਜਾਣ ਉਪਰੰਤ ਉਨ੍ਹਾਂ ਦੀ ਸੱਸ ਸਦਾ ਕੌਰ ਵੀ ਸ਼ੁੱਕਰਚੱਕੀਆ ਮਿਸਲ ਦੇ ਸ਼ਾਸਨ-ਪ੍ਬੰਧ ਵਿੱਚ ਹਿੱਸਾ ਲੈਣ ਲੱਗੀ| ਜਦ ਤੱਕ ਰਣਜੀਤ ਸਿੰਘ ਨਾਬਾਲਗ ਰਿਹਾ, ਮਿਸਲ ਦਾ ਰਾਜ-ਪ੍ਰਬੰਧ ਤਿੰਨ ਵਿਅਕਤੀਆਂ ਦੇ ਹੱਥਾਂ ਵਿੱਚ ਰਿਹਾ—ਰਾਜ ਕੌਰ, ਸਦਾ ਕੌਰ ਤੇ ਦੀਵਾਨ ਲਖਪਤ ਰਾਏ| ਇਸ ਕਾਲ ਨੂੰ ਤਿੱਕੜੀ ਦੀ ਸਰਪ੍ਸਤੀ ਦਾ ਕਾਲ ਕਿਹਾ ਜਾਂਦਾ ਹੈ|1797 ਈ: ਵਿੱਚ ਜਦ ਮਹਾਰਾਜਾ ਰਣਜੀਤ ਸਿੰਘ 17 ਵਰਿਆਂ ਦੇ ਹੋ ਗਏ ਤਾਂ ਉਨ੍ਹਾਂ ਨੇ ਰਾਜ-ਪ੍ਰਬੰਧ ਦੀ ਵਾਗ-ਡੋਰ ਆਪਣੇ ਹੱਥਾਂ ਵਿੱਚ ਲੈ ਲਈ|
ਉਨ੍ਹਾਂ ਨੇ ਕਈ ਮੁਹਿੰਮਾਂ ਨਾਲ਼ ਸਿੱਖ ਮਿਸਲਾਂ ਨੂੰ ਇੱਕ ਖੇਤਰ ਦੇ ਰੂਪ ਵਿੱਚ ਇੱਕਠਾ ਕੀਤਾ ਅਤੇ 12 ਅਪਰੈਲ 1801 (ਵਿਸਾਖੀ ਦੇ ਦਿਨ) ਨੂੰ ਮਹਾਰਜੇ ਦੇ ਤਖ਼ਤ-ਨਸ਼ੀਨ ਹੋ ਕੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ। ਉਨ੍ਹਾਂ ਨੇ ਮੁਲਤਾਨ, ਪੇਸ਼ਾਵਰ, ਜੰਮੂ ਅਤੇ ਕਸ਼ਮੀਰ ਅਤੇ ਆਨੰਦਪੁਰ ਦੇ ਪਹਾੜੀ ਇਲਾਕੇ ਉੱਤੇ ਕਬਜ਼ਾ ਕੀਤਾ ਜਿਸ ਵਿੱਚ ਵੱਡਾ ਇਲਾਕਾ ਕਾਂਗੜਾ ਸੀ।
1803 ਵਿੱਚ ਉਨ੍ਹਾਂ ਨੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਆਪਣੇ ਰਾਜ ਵਿੱਚ ਜੋੜ ਲਿਆ ਅਤੇ ਸਿੱਖਾਂ ਦੇ ਪਵਿੱਤਰ ਗੁਰਦੁਆਰੇ, ਹਰਿਮੰਦਰ ਸਾਹਿਬ, ਦੀ ਸੰਗਮਰਮਰ ਅਤੇ ਸੋਨੇ ਨਾਲ਼ ਸੇਵਾ ਕਰਵਾਈ ਜਿਸ ਕਰਕੇ ਗੁਰਦੁਆਰੇ ਦਾ ਨਾਂ ਸੁਨਹਿਰੀ ਮੰਦਰ (Golden temple) ਪਿਆ। ਉਨ੍ਹਾਂ ਨੇ ਆਪਣੀ ਫ਼ੌਜ ਦਾ ਆਧੁਨਿਕੀਕਰਣ ਕੀਤਾ ਜਿਸ ਲਈ ਉਨ੍ਹਾਂ ਨੇ ਯੂਰਪੀ ਅਫ਼ਸਰ ਭਰਤੀ ਕੀਤਾ। ਪੰਜਾਬ ਉਸ ਸਮੇਂ ਤੱਕ ਦੀ ਸਭ ਤੋਂ ਵਧੀਆ ਹਥਿਆਰ ਨਾਲ਼ ਲੈੱਸ ਫ਼ੌਜ ਸੀ ਜਿਸ ਨੂੰ ਬਰਤਾਨੀਆ ਤੋਂ ਬਾਅਦ ਕਬਜ਼ੇ ਵਿੱਚ ਕਰ ਸਕਿਆ। ਉਨ੍ਹਾਂ ਨੇ ਅਮਨ ਕਾਨੂੰਨ ਦੀ ਹਾਲਤ ਬਹਾਲ ਕੀਤੀ। ਉਨ੍ਹਾਂ ਨੇ ਜਜ਼ੀਆ ਟੈਕਸ, ਜੋ ਕਿ ਹਿੰਦੂਆਂ ਅਤੇ ਸਿੱਖਾਂ ਉੱਤੇ ਲਾਇਆ ਜਾਂਦਾ ਸੀ ਉਸ ਨੂੰ ਖ਼ਤਮ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਸਭ ਧਰਮਾਂ ਦਾ ਆਦਰ ਕਰਦੇ ਸਨ। ਇਸ ਕਰਕੇ ਉਨ੍ਹਾਂ ਨੇ ਆਪਣੇ ਰਾਜ ਨੂੰ ਇੱਕ ਧਾਰਮਿਕ ਰਾਜ ਦੇ ਰੂਪ ਵਿੱਚ ਸਥਾਪਤ ਕਰਨ ਦੀ ਬਜਾਏ ਸਰਬੱਤ ਦੇ ਭਲੇ ਦੇ ਆਦਰਸ਼ ਅਧੀਨ ਪੰਜਾਬੀਆ ਦੇ ਲਈ ਇੱਕ ਨਿਵੇਕਲਾ ਰਾਜ ਕਾਇਮ ਕੀਤਾ। ਉਨ੍ਹਾਂ ਦੇ ਰਾਜ ਵਿੱਚ ਮੁਸਲਮਾਨ, ਅੰਗਰੇਜ਼ ਅਤੇ ਹਿੰਦੂ ਕਈ ਵੱਡੇ ਅਹੁਦਿਆਂ ਉੱਤੇ ਸਨ ਅਤੇ ਅਵਾਮ ਵਿੱਚ ਵੀ ਸਭ ਨੂੰ ਬਰਾਬਰ ਦੇ ਹੱਕ ਹਾਸਲ ਸਨ। ਮਹਾਰਾਜਾ ਰਣਜੀਤ ਸਿੰਘ ਦਾ 27 ਜੂਨ,1839 ਨੂੰ ਦੇਹਾਂਤ ਹੋ ਗਿਆ। ਮੌਤ ਤੋਂ ਬਾਅਦ ਉਨ੍ਹਾਂ ਦਾ ਵੱਡਾ ਪੁੱਤਰ ਖੜਕ ਸਿੰਘ ਤਖ਼ਤ ’ਤੇ ਬੈਠਿਆ ਪਰ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਰਾਜ ਖਿੰਡਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਬਰਤਾਨੀਆ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਨੂੰ ਸਿਰਫ਼ ਨਾਮ ਦਾ ਹੀ ਰਾਜਾ ਬਣਾ ਦਿੱਤਾ ਅਤੇ ਅਖ਼ੀਰ 1849 ਵਿੱਚ ਪੰਜਾਬ ’ਤੇ ਕਬਜ਼ਾ ਕਰ ਲਿਆ। 1853 ਵਿੱਚ ਅੰਗਰੇਜ਼ਾਂ ਨੇ ਦਲੀਪ ਸਿੰਘ ਦਾ ਧਰਮ ਪਰਿਵਰਤਨ ਕਰਕੇ ਉਸਨੂੰ ਇਸਾਈ ਬਣਾ ਦਿੱਤਾ। ਉਸਦੇ ਕੇਸ ਕਤਲ ਕਰਕੇ ਗਿਰਜਾਘਰ, ਫ਼ਤੇਹਗੜ, ਉੱਤਰ ਪ੍ਰਦੇਸ਼ ਵਿੱਚ ਤੇ ਫਿਰ ਜਿਥੋਂ ਪੈਰਿਸ, ਫਰਾਂਸ ਭੇਜ ਦਿੱਤਾ। ਫਿਰ 23 ਅਕਤੂਬਰ 1893 ਨੂੰ ਪੈਰਿਸ ਵਿੱਚ ਹੀ ਦਲੀਪ ਸਿੰਘ ਦੇਹਾਂਤ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਲਹਿੰਦੇ ਪੰਜਾਬ ਵਿੱਚ ਲਾਹੌਰ ਵਿੱਚ ਗੁਰਦੁਆਰਾ ਡੇਹਰਾ ਸਾਹਿਬ ਦੇ ਕੋਲ਼ ਬਣੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: