ਪੰਜਾਬ ਵਿਚ ਚੋਣਾਵੀ ਮਾਹੌਲ ਦਰਮਿਆਨ ਕੇਂਦਰ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਦੋ ਦਿਨ ਪਹਿਲਾਂ ਕਰਤਾਰਪੁਰ ਕਾਰੀਡੋਰ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਇਸੇ ਦਿਨ ਤੋਂ ਕਰਤਾਰਪੁਰ ਜਾਣ ਲਈ ਰਜਿਸਟ੍ਰੇਸ਼ਨ ਸ਼ੁਰੂ ਹੋਵੇਗਾ। ਗੁਰਪੁਰਬ 19 ਨਵੰਬਰ ਨੂੰ ਹੈ। ਆਨਲਾਈਨ ਰਜਿਸਟ੍ਰੇਸ਼ਨ ਲਈ https://prakashpurb550.mha.gov.in ਵੈੱਬਸਾਈਟ ‘ਤੇ ਜਾਣਾ ਹੋਵੇਗਾ।
ਇਸ ਸਭ ਲਈ ਕਿਵੇਂ ਅਪਲਾਈ ਕੀਤਾ ਜਾਵੇ, ਕਿਹੜੇ ਕਾਗਜ਼ ਲੱਗਣਗੇ ਅਤੇ ਪੂਰਾ ਪ੍ਰੋਸੈੱਸ ਕੀ ਹੋਵੇਗਾ, ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ।
ਕੋਰੋਨਾ ਨਿਯਮਾਂ ਦੀ ਪਾਲਣਾ ਜ਼ਰੂਰੀ
ਲਗਭਗ 20 ਮਹੀਨਿਆਂ ਬਾਅਦ ਕਰਤਾਰਪੁਰ ਲਾਂਘਾ ਖੁੱਲ੍ਹਿਆ ਹੈ ਤਾਂ ਅਜਿਹੇ ਵਿਚ ਸਭ ਤੋਂ ਅਹਿਮ ਸ਼ਰਤ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਕਰਨੀ ਹੋਵੇਗੀ। ਇਸ ਲਈ ਕੋਵਿਡ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਲਗਵਾਉਣ ਤੋਂ ਇਲਾਵਾ 72 ਘੰਟੇ ਤੋਂ ਘੱਟ ਸਮੇਂ ਦੀ RT-PCR ਟੈਸਟ ਦੀ ਰਿਪੋਰਟ ਦੇਣੀ ਹੋਵੇਗੀ। ਹੁਣ ਤੱਕ ਦੀ ਗਾਈਡਲਾਈਨਜ਼ ਮੁਤਾਬਕ ਕਰਤਰਾਪੁਰ ਸਾਹਿਬ ਦਾ ਵੀਜ਼ਾ ਫ੍ਰੀ ਯਾਤਰਾ ਲਈ ਭਾਰਤ ਦਾ ਕੋਈ ਵੀ 13 ਤੋਂ 75 ਸਾਲ ਦਾ ਨਾਗਰਿਕ ਜਾਂ ਪ੍ਰਵਾਸੀ ਭਾਰਤੀ ਯਾਤਰਾ ‘ਤੇ ਜਾ ਸਕਦਾ ਹੈ। ਇਸ ਲਈ ਆਨਲਾਈਨ ਫਾਰਮ ਭਰਨਾ ਹੋਵੇਗਾ। ਰਜਿਸਟ੍ਰੇਸ਼ਨ ਤੋਂ ਬਾਅਦ ਨੋਟੀਫਿਕੇਸ਼ਨ ਪ੍ਰਾਪਤ ਕਰਨਾ ਹੋਵੇਗਾ ਤੇ ਯਾਤਰਾ ਲਈ 20 ਡਾਲਰ ਮਤਲਬ 1400 ਰੁਪਏ ਫੀਸ ਦੇਣੀ ਹੋਵੇਗੀ। ਨਵੇਂ ਐਲਾਨ ਤੋਂ ਬਾਅਦ ਅਜੇ ਤਕ ਕੋਈ ਨਵੀਂ ਗਾਈਡਲਾਈਨ ਨਹੀਂ ਆਈ ਹੈ।
10 ਦਿਨ ਪਹਿਲਾਂ ਕਰਨਾ ਹੋਵੇਗਾ ਅਪਲਾਈ
ਪਹਿਲਾ ਤੋਂ ਤੈਅ ਨਿਰਦੇਸ਼ਾਂ ਮੁਤਾਬਕ ਇਸ ਵੀਜ਼ਾ ਫ੍ਰੀ ਯਾਤਰਾ ਲਈ ਸ਼ਰਧਾਲੂ ਨੂੰ ਘੱਟ ਤੋਂ ਘੱਟ 10 ਦਿਨ ਪਹਿਲਾਂ ਆਨਲਾਈਨ ਅਪਲਾਈ ਕਰਨਾ ਹੋਵੇਗਾ। ਆਨਲਾਈਨ ਫਾਰਮ ਤੋਂ ਬਾਅਦ ਵਿਦੇਸ਼ ਮੰਤਰਾਲਾ ਫਾਈਲ ਨੂੰ ਉਸ ਥਾਣੇ ਵਿਚ ਵੈਰੀਫਿਕੇਸ਼ਨ ਲਈ ਭੇਜੇਗਾ, ਜਿਸ ਥਾਣਾ ਖੇਤਰ ‘ਚ ਅਪਲਾਈ ਕਰਨ ਵਾਲਾ ਰਹਿੰਦਾ ਹੈ। ਫਾਰਮ ਵਿਚ ਕਿਸੇ ਤਰ੍ਹਾਂ ਦੀ ਜਾਣਕਾਰੀ ਲੁਕਾਈ ਗਈ ਜਾਂ ਗਲਤ ਭਰੀ ਗਈ ਤਾਂ ਅਰਜ਼ੀ ਰੱਦ ਹੋ ਜਾਵੇਗੀ। ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਕਰਤਰਾਪੁਰ ਸਾਹਿਬ ਦੀ ਯਾਤਰਾ ਸਬੰਧੀ ਮਨਜ਼ੂਰੀ ਮਿਲੇਗੀ।
ਵੀਜ਼ਾ ਫ੍ਰੀ ਯਾਤਰਾ ਲਈ ਇਹ ਦਸਤਾਵੇਜ਼ ਜ਼ਰੂਰੀ
ਆਨਲਾਈਨ ਫਾਰਮ ਭਰਦੇ ਸਮੇਂ ਪਾਸਪੋਰਟ ਸਾਈਜ਼ ਫੋਟੋ, ਪਾਸਟਪੋਰਟ ਦੇ ਅਗਲੇ ਤੇ ਪਿਛਲੇ ਪੇਜ ਦੀ ਪੀ. ਡੀ. ਐੱਫ. ਫਾਈਲ ਅਪਲੋਡ ਕਰਨੀ ਹੋਵੇਗੀ। ਵੀਜ਼ੇ ਦੀ ਕੋਈ ਲੋੜ ਨਹੀਂ। ਜ਼ਰੂਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਤੁਹਾਡਾ ਰਜਿਸਟ੍ਰੇਸ਼ਨ ਫਾਰਮ ਸੇਵਾ ਕੇਂਦਰ ‘ਚ ਅਪਲੋਡ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਬਿਨੈਕਾਰ ਨੂੰ ਮੇਸੇਜ ਜ਼ਰੀਏ ਮੋਬਾਈਲ ‘ਤੇ ਫੀਡਬੈਕ ਮਿਲਦਾ ਹੈ ਅਤੇ ਇਸ ਤੋਂ ਬਾਅਦ ਪੁਲਿਸ ਵੈਰੀਫਿਕੇਸ਼ਨ ਸ਼ੁਰੂ ਹੋ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਕਿਸੇ ਵੀ ਧਾਰਮਿਕ ਮਾਨਤਾ ਨਾਲ ਸਬੰਧ ਰੱਖਣ ਵਾਲਾ ਭਾਰਤੀ ਨਾਗਰਿਕ ਪਾਕਿਸਤਾਨ ਦੇ ਕਰਤਰਾਪੁਰ ਸਾਹਿਬ ਜਾ ਸਕਦਾ ਹੈ। ਸ਼ਰਤ ਇਹ ਹੈ ਕਿ ਉਹ ਕਾਰੀਡੋਰ ਤੋਂ ਗਏ ਤਾਂ ਕਰਤਰਾਪੁਰ ਸਾਹਿਬ ਤੋਂ ਅੱਗੇ ਨਹੀਂ ਜਾ ਸਕਣਗੇ। ਸ਼ਰਧਾਲੂਆਂ ਨੂੰ ਉਸੇ ਸ਼ਾਮ ਤੱਕ ਵਾਪਸ ਆਉਣਾ ਹੋਵੇਗਾ। ਸ਼ਰਧਾਲੂ ਆਪਣੇ ਨਾਲ 7 ਕਿਲੋ ਤੋਂ ਜ਼ਿਆਦਾ ਦਾ ਭਾਰ ਨਹੀਂ ਲੈ ਕੇ ਜਾ ਸਕਦੇ। ਯਾਤਰਾ ਦੌਰਾਨ 11000 ਰੁਪਏ ਤੋਂ ਜ਼ਿਆਦਾ ਦੀ ਭਾਰਤੀ ਕਰੰਸੀ ਵੀ ਆਪਣੇ ਨਾਲ ਨਹੀਂ ਰੱਖ ਸਕਦੇ ਹਨ।