ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਮਤਾ ਬੈਨਰਜੀ ਨੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦਾ ਅਧਿਕਾਰ ਖੇਤਰ ਵਧਾਉਣ ਅਤੇ ਤ੍ਰਿਪੁਰਾ ਹਿੰਸਾ ਦਾ ਮੁੱਦਾ ਉਠਾਇਆ। ਪੀਐਮ ਮੋਦੀ ਨੂੰ ਗਲੋਬਲ ਬਿਜ਼ਨਸ ਮੀਟ ਦੇ ਉਦਘਾਟਨ ਲਈ ਵੀ ਸੱਦਾ ਦਿੱਤਾ। ਕੇਂਦਰ ਨੇ ਹਾਲ ਹੀ ਵਿੱਚ ਸੀਮਾ ਸੁਰੱਖਿਆ ਬਲ (ਬੀਐਸਐਫ) ਦਾ ਅਧਿਕਾਰ ਖੇਤਰ ਸਰਹੱਦ ਤੋਂ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਹੈ।
ਇਸ ਤੋਂ ਬਾਅਦ ਪੰਜਾਬ ਅਤੇ ਬੰਗਾਲ ਦੇ ਮੁੱਖ ਮੰਤਰੀਆਂ ਨੇ ਆਪਣੀ ਨਾਰਾਜ਼ਗੀ ਜਤਾਈ ਹੈ। ਮੀਟਿੰਗ ਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਬੀਐਸਐਫ ਬਾਰੇ ਚਰਚਾ ਕੀਤੀ, ਬੀਐਸਐਫ ਸਾਡੀ ਦੁਸ਼ਮਣ ਨਹੀਂ ਹੈ। ਮੈਂ ਸਾਰੀਆਂ ਏਜੰਸੀਆਂ ਦਾ ਸਨਮਾਨ ਕਰਦੀ ਹਾਂ ਪਰ ਕਾਨੂੰਨ ਅਤੇ ਵਿਵਸਥਾ ਜੋ ਰਾਜ ਦਾ ਵਿਸ਼ਾ ਹੈ, ਇਸ ਨਾਲ ਉਸ ਵਿਚ ਟਕਰਾਅ ਹੁੰਦਾ ਹੈ। ਮਮਤਾ ਬੈਨਰਜੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਉਨ੍ਹਾਂ ਨੇ ਪੀਐਮ ਮੋਦੀ ਨੂੰ ਕਿਹਾ ਕਿ ਸੰਘੀ ਢਾਂਚੇ ਨੂੰ ਛੇੜਨਾ ਸਹੀ ਨਹੀਂ ਹੈ, ਤੁਹਾਨੂੰ ਇਸ ਬਾਰੇ ਚਰਚਾ ਕਰਨੀ ਚਾਹੀਦੀ ਹੈ ਅਤੇ ਬੀਐਸਐਫ ਕਾਨੂੰਨ ਨੂੰ ਵਾਪਸ ਲੈਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਮਮਤਾ ਬੈਨਰਜੀ ਨੇ ਕਿਹਾ ਕਿ ਇੱਥੇ ਕਈ ਕੁਦਰਤੀ ਆਫਤਾਂ ਆਈਆਂ ਹਨ, ਜਿਸ ‘ਚ ਕੇਂਦਰ ਸਰਕਾਰ ਤੋਂ ਸਾਨੂੰ ਕਾਫੀ ਪੈਸਾ ਮਿਲੇਗਾ। ਮੈਂ ਉਹ ਪੈਸੇ ਦੇਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਠੀਕ ਹੈ, ਸਥਿਤੀ ਦੇਖ ਕੇ ਦੱਸਾਂਗੇ। ਸੀਐਮ ਮਮਤਾ ਨੇ ਕਿਹਾ ਕਿ ਮੈਂ ਕੋਵਿਡ ਬਾਰੇ ਚਰਚਾ ਕੀਤੀ। ਰਾਜ ਨੂੰ ਵੈਕਸੀਨ ਦੀਆਂ ਹੋਰ ਖੁਰਾਕਾਂ ਦੀ ਲੋੜ ਹੈ।
ਟੀਐਮਸੀ ਪ੍ਰਧਾਨ ਮਮਤਾ ਬੈਨਰਜੀ ਚਾਰ ਦਿਨਾਂ ਦੇ ਦਿੱਲੀ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਦਾ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਮਿਲਣ ਦਾ ਪ੍ਰੋਗਰਾਮ ਵੀ ਹੈ। ਸੰਸਦ ਦਾ ਸਰਦ ਰੁੱਤ ਸੈਸ਼ਨ 29 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਮਮਤਾ ਬੈਨਰਜੀ ਇਸ ਸਬੰਧੀ ਰਣਨੀਤੀ ਬਣਾਉਣ ਲਈ ਮੀਟਿੰਗਾਂ ਕਰਨਗੇ।