ਬੀਤੀ ਰਾਤ ਜਲੰਧਰ ਵਿਚ ਬੱਸ ਸਟੈਂਡ ਨੇੜੇ ਵੱਡੀ ਵਾਰਦਾਤ ਵਾਪਰੀ ਜਿਥੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਤੇ ਇਸ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅਰਮਾਨ ਟੂਰ ਐਂਡ ਟਰੈਵਲਜ਼ ਵਾਲਿਆਂ ਵੱਲੋਂ ਉਥੇ ਜਨਮ ਦਿਨ ਦੀ ਪਾਰਟੀ ਮਨਾਈ ਜਾ ਰਹੀ ਸੀ। ਇਸ ਦੌਰਾਨ ਨਸ਼ੇ ‘ਚ ਧੁੱਤ ਵਿਅਕਤੀ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਵਿਚ ਲੱਕੀ ਗਿੱਲ (19) ਪੁੱਤਰ ਕੁਲਵੰਤ ਰਾਏ ਗਿੱਲ ਵਾਸੀ ਅਰਜੁਨ ਨਗਰ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਡੀ. ਸੀ. ਪੀ. ਸਿਟੀ-1 ਸੋਹੇਲ ਮੀਰ, ਏ. ਸੀ. ਪੀ. ਸੈਂਟਰਲ ਅਤੇ ਸਪੈਸ਼ਲ ਬ੍ਰਾਂਚ ਬਲਕਾਰ ਸਿੰਘ ਢੱਡਾ, ਏ. ਸੀ. ਪੀ. ਮਾਡਲ ਟਾਊਨ ਗੁਰਪ੍ਰੀਤ ਸਿੰਘ ਗਿੱਲ ਤੋਂ ਇਲਾਵਾ ਮਾਡਲ ਟਾਊਨ ਦੇ ਥਾਣਾ ਇੰਚਾਰਜ ਸੁਰਜੀਤ ਸਿੰਘ ਅਤੇ ਬੱਸ ਅੱਡਾ ਚੌਕੀ ਇੰਚਾਰਜ ਬਲਜਿੰਦਰ ਸਿੰਘ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ। ਮੌਕੇ ਤੋਂ ਉਨ੍ਹਾਂ ਨੂੰ 2 ਖੋਲ ਬਰਾਮਦ ਹੋਏ।
ਚਸ਼ਮਦੀਦ ਕਵੀ ਨਾਂ ਦੇ ਵਿਅਕਤੀ ਨੇ ਘਟਨਾ ਬਾਰੇ ਪੁਲਿਸ ਨੂੰ ਦੱਸਦਿਆਂ ਕਿਹਾ ਕਿ ਉਹ ਆਪਣੇ ਆਟੋ ਸਟੈਂਡ ’ਤੇ ਬੈਠੇ ਹੋਏ ਸਨ ਤੇ ਨਾਲ ਹੀ ਉਥੇ ਨੇੜੇ ਹੀ ਅਰਮਾਨ ਟੂਰ ਐਂਡ ਟ੍ਰੈਵਲਜ਼ ਵਾਲੇ ਜਨਮ ਦਿਨ ਦੀ ਪਾਰਟੀ ਕਰ ਰਹੇ ਸਨ। ਉਥੇ ਦਰਜਨ ਤੋਂ ਵੱਧ ਨੌਜਵਾਨਾਂ ਨੇ ਸ਼ਰਾਬ ਪੀ ਕੇ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਉਥੇ ਮੌਕੇ ‘ਤੇ ਮ੍ਰਿਤਕ ਲੱਕੀ ਗਿੱਲ ਤੇ ਹੋਰ ਆਟੋ ਚਾਲਕ ਵੀ ਖੜ੍ਹੇ ਸਨ। ਜਦੋਂ ਲੱਕੀ ਨੇ ਝਗੜਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਵਿੱਚੋਂ ਇਕ ਨੇ ਰਿਵਾਲਵਰ ਕੱਢ ਕੇ ਸ਼ਰੇਆਮ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਵਿਚੋਂ ਇੱਕ ਗੋਲੀ ਲੱਕੀ ਗਿੱਲ ਦੀ ਛਾਤੀ ‘ਚ ਲੱਗ ਗਈ।
ਲੱਕੀ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਉਥੇ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਲੱਕੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾ ਦਿੱਤੀ ਜਾਵੇ। ਲੱਕੀ ਗਿੱਲ 3 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਇਮੀਗ੍ਰੇਸ਼ਨ ਦੇ ਦਫ਼ਤਰ ਵਿਚ ਕੰਮ ਕਰਦਾ ਸੀ। ਉਸਦੀ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਗਈ ਹੈ। ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।