ਪੰਜਾਬ ਵਿੱਚ ਗਣਤੰਤਰ ਦਿਵਸ 2022 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਦੇ ਤਹਿਤ ਲੁਧਿਆਣਾ ਸ਼ਹਿਰ ਗਣਤੰਤਰ ਦਿਵਸ ਮੌਕੇ ਤਿਰੰਗੇ ਦੀਆਂ ਲਾਈਟਾਂ ਨਾਲ ਰੁਸ਼ਨਾਇਆ ਜਾ ਰਿਹਾ ਹੈ। ਇਸ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ਹਿਰ ਦੇ ਮੁੱਖ ਪੁਲਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਬੁੱਤਾਂ ਨੂੰ ਤਿਰੰਗੇ ਭਾਵ ਕੇਸਰੀ-ਚਿੱਟੇ ਅਤੇ ਹਰੇ ਰੰਗ ਦੀ ਲਾਈਟਾਂ ਨਾਲ ਸਜਾਇਆ ਜਾਵੇਗਾ। ਇਸ ਦੇ ਲਈ ਨਗਰ ਨਿਗਮ ਨੇ ਵਰਕ ਆਰਡਰ ਜਾਰੀ ਕਰ ਦਿੱਤਾ ਹੈ। ਸਮਾਰਟ ਸਿਟੀ ਪ੍ਰੋਜੈਕਟ ਤਹਿਤ ਬਹੁਤ ਹੀ ਆਕਰਸ਼ਕ ਲਾਈਟਾਂ ਅਤੇ ਰੇਲਿੰਗ ਆਦਿ ਦਾ ਕੰਮ ਕੀਤਾ ਜਾਣਾ ਹੈ।
ਜਗਰਾਉਂ ਪੁਲ ’ਤੇ ਸ਼ਹੀਦਾਂ ਦੇ ਬੁੱਤਾਂ ਦੁਆਲੇ ਸਜਾਵਟ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਇੱਥੇ ਸਿਵਲ ਵਰਕ ਵੀ ਕੀਤਾ ਜਾਣਾ ਹੈ, ਜਿਸ ਤਹਿਤ ਇਸ ਤਿਕੋਣੀ ਪਾਰਕ ਦੇ ਆਲੇ-ਦੁਆਲੇ ਰੇਲਿੰਗ ਵੀ ਕੀਤੀ ਜਾਣੀ ਹੈ। ਸ਼ਹੀਦਾਂ ਦੇ ਬੁੱਤਾਂ ਦੇ ਆਲੇ-ਦੁਆਲੇ ਰੋਸ਼ਨੀ ਵੀ ਕੀਤੀ ਜਾਵੇਗੀ। ਇਸ ਪੂਰੇ ਪ੍ਰੋਜੈਕਟ ‘ਤੇ ਕਰੀਬ 70 ਲੱਖ ਰੁਪਏ ਖਰਚ ਕੀਤੇ ਜਾਣੇ ਹਨ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਕੌਂਸਲਰ ਮਮਤਾ ਆਸ਼ੂ ਨੇ ਵੀ ਸ਼ਹਿਰ ਵਿੱਚ ਚੱਲ ਰਹੇ ਇਨ੍ਹਾਂ ਕੰਮਾਂ ਦਾ ਜਾਇਜ਼ਾ ਲਿਆ।
ਸਮਾਰਟ ਸਿਟੀ ਪ੍ਰਾਜੈਕਟ ਤਹਿਤ ਜਗਰਾਉਂ ਪੁਲ ’ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤਾਂ ਨੂੰ ਰੁਸ਼ਨਾਇਆ ਜਾਵੇਗਾ। ਸ਼ਹੀਦ ਦੇ ਬੁੱਤ ਦੇ ਬਿਲਕੁਲ ਪਿੱਛੇ 100 ਫੁੱਟ ਉੱਚਾ ਰਾਸ਼ਟਰੀ ਝੰਡਾ ਲਹਿਰਾਇਆ ਜਾ ਰਿਹਾ ਹੈ, ਜਿਸ ਲਈ ਖੰਭੇ ਪਹੁੰਚ ਗਏ ਹਨ ਅਤੇ ਇਸ ਨੂੰ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਨੂੰ 26 ਜਨਵਰੀ ਤੋਂ ਪਹਿਲਾਂ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ, ਤਾਂ ਜੋ ਇੱਥੇ 26 ਜਨਵਰੀ ਤੱਕ ਰਾਸ਼ਟਰੀ ਝੰਡਾ ਲਹਿਰਾਇਆ ਜਾ ਸਕੇ। ਇਸ ਤੋਂ ਪਹਿਲਾਂ ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ਵੀ ਅਜਿਹਾ ਹੀ 100 ਫੁੱਟ ਉੱਚਾ ਰਾਸ਼ਟਰੀ ਝੰਡਾ ਲਗਾਇਆ ਗਿਆ ਸੀ।
ਨਗਰ ਨਿਗਮ ਵੱਲੋਂ ਵੱਖ-ਵੱਖ ਥਾਵਾਂ ’ਤੇ ਲਾਈਟਿੰਗ ਕੀਤੀ ਜਾਣੀ ਹੈ, ਜੋ ਤਿੰਨ ਰੰਗਾਂ ਵਿੱਚ ਹੋਵੇਗੀ। ਇਸ ਤੋਂ ਪਹਿਲਾਂ ਦੱਖਣੀ ਬਾਈਪਾਸ ਪੁਲ ਅਤੇ ਐਮਸੀ ਜ਼ੋਨ-ਡੀ ਦਫ਼ਤਰ ਅਤੇ ਕਲਾਕ ਟਾਵਰ ’ਤੇ ਰੰਗਦਾਰ ਐਲਈਡੀ ਲਾਈਟਾਂ ਲਗਾਈਆਂ ਗਈਆਂ ਹਨ। ਹੁਣ ਨਗਰ ਨਿਗਮ ਜ਼ੋਨ-ਏ ਦਫ਼ਤਰ ਨੇੜੇ ਮਹਾਤਮਾ ਗਾਂਧੀ, ਜਲੰਧਰ ਬਾਈਪਾਸ ‘ਤੇ ਡਾ.ਬੀ.ਆਰ.ਅੰਬੇਦਕਰ, ਡੀ.ਸੀ ਦਫ਼ਤਰ ਕੰਪਲੈਕਸ ‘ਚ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਅਤੇ ਭਾਈ ਬਾਲਾ ਚੌਕ ‘ਚ ਕਰਤਾਰ ਸਿੰਘ ਸਰਾਭਾ ਸਮੇਤ ਚਾਰ ਬੁੱਤਾਂ ਦੇ ਸੁੰਦਰੀਕਰਨ ਦਾ ਪ੍ਰਾਜੈਕਟ ਵੀ ਜਲਦੀ ਸ਼ੁਰੂ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: