ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲੁਧਿਆਣਾ ਵਿਖੇ ਆਟੋ ਚਾਲਕਾਂ ਦੇ ਜੁਰਮਾਨੇ ਮੁਆਫ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਸਰਕਾਰ ਵੱਲੋਂ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਆਟੋ ਸੰਚਾਲਕਾਂ ਵਿਚ ਰੋਸ ਹੈ। ਜਦੋਂ ਆਟੋ ਚਾਲਕ ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਦੇ ਦਫ਼ਤਰ ਪੁੱਜੇ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਕੋਈ ਜੁਰਮਾਨਾ ਮੁਆਫ਼ ਨਹੀਂ ਕੀਤਾ ਜਾਵੇਗਾ। ਇਸ ਕਾਰਨ ਆਟੋ ਚਾਲਕਾਂ ਨੂੰ ਧੱਕਾ ਲੱਗਾ ਹੈ ਤੇ ਉਹ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਨ। ਅੱਜ ਜਗਰਾਉਂ ਪੁਲ ’ਤੇ ਆਟੋ ਚਾਲਕਾਂ ਵੱਲੋਂ ਮੁਜ਼ਾਹਰਾ ਕੀਤਾ ਜਾ ਰਿਹਾ ਹੈ।
ਗੌਰਤਲਬ ਹੈ ਕਿ ਚਰਨਜੀਤ ਸਿੰਘ ਚੰਨੀ 22 ਨਵੰਬਰ ਨੂੰ ਲੁਧਿਆਣਾ ਦੇ ਆਤਮਨਗਰ ਵਿਧਾਨ ਸਭਾ ਹਲਕੇ ਵਿੱਚ ਚੋਣ ਰੈਲੀ ਲਈ ਪੁੱਜੇ ਸਨ। ਇਸ ਤੋਂ ਪਹਿਲਾਂ ਉਹ ਅਚਨਚੇਤ ਆਟੋ ਚਾਲਕਾਂ ਦੇ ਸਟੈਂਡ ‘ਤੇ ਪਹੁੰਚ ਗਏ ਸਨ, ਇੱਥੇ ਉਨ੍ਹਾਂ ਨੇ ਸਟੈਂਡ ‘ਤੇ ਹੀ ਆਟੋ ਚਾਲਕਾਂ ਨਾਲ ਚਾਹ ਪੀਤੀ ਅਤੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਆਟੋ ਦਾ 1 ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਇਸ ਲਈ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਇਸ ਸਮੇਂ ਸ਼ਹਿਰ ਵਿੱਚ 30 ਹਜ਼ਾਰ ਆਟੋ ਚੱਲ ਰਹੇ ਹਨ ਅਤੇ ਹੁਣ ਤੱਕ 800 ਚਲਾਨ ਹੋ ਚੁੱਕੇ ਹਨ। ਆਰਟੀਏ ਵੱਲੋਂ ਹੁਣ ਤੱਕ ਸਿਰਫ਼ 7 ਆਟੋ ਹੀ ਛੱਡੇ ਗਏ ਹਨ, ਜਦੋਂਕਿ ਬਾਕੀਆਂ ਨੂੰ ਆਟੋ ਨਹੀਂ ਦਿੱਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਅਜੇ ਤੱਕ ਇੱਕ ਰੁਪਏ ਦੇ ਜੁਰਮਾਨੇ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਆਟੋ ਨਹੀਂ ਦਿੱਤੇ ਜਾ ਸਕਦੇ ਹਨ।ਇਸ ਨਾਲ ਹੁਣ ਵਿਵਾਦ ਵਧ ਗਿਆ ਹੈ।