ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 23 ਦਿਨਾਂ ਬਾਅਦ ਮੁੜ ਲੁਧਿਆਣਾ ਪਹੁੰਚ ਰਹੇ ਹਨ। ਉਨ੍ਹਾਂ ਵੱਲੋਂ ਅੱਜ ਸ਼ਹਿਰ ਵਿੱਚ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਜਾਣਾ ਹੈ ਅਤੇ ਉਹ ਜਗਰਾਉਂ ਪੁਲ ਨੇੜੇ ਸਥਿਤ ਦੁਰਗਾ ਮਾਤਾ ਦੇ ਮੰਦਰ ਵਿੱਚ ਮੱਥਾ ਟੇਕਣਗੇ। ਇਸ ਤੋਂ ਇਲਾਵਾ ਦੁਪਹਿਰ ਉਹ ਵਿਧਾਇਕ ਸੰਜੇ ਤਲਵਾੜ ਦੇ ਵਿਧਾਨ ਸਭਾ ਹਲਕਾ ਉੱਤਰੀ ਵਿੱਚ ਈਡਬਲਿਊਐਸ ਕਲੋਨੀ ਨੇੜੇ ਖਾਲੀ ਪਏ ਪਲਾਟ ਵਿੱਚ ਇੱਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਨੇ ਲੁਧਿਆਣਾ ‘ਚ ਇਨਵੈਸਟ ਪੰਜਾਬ ‘ਚ ਹਿੱਸਾ ਲੈਣ ਤੋਂ ਬਾਅਦ 23 ਨਵੰਬਰ ਨੂੰ ਆਤਮਾ ਨਗਰ ‘ਚ ਰੈਲੀ ਨੂੰ ਸੰਬੋਧਨ ਕੀਤਾ ਸੀ। ਅੱਜ ਉਹ ਪੱਖੋਵਾਲ ਰੋਡ ‘ਤੇ ਫਲੈਟਾਂ ਦਾ ਉਦਘਾਟਨ ਕਰਨਗੇ ਅਤੇ ਇਸ ਤੋਂ ਬਾਅਦ ਦੁਰਗਾ ਮਾਤਾ ਮੰਦਰ ‘ਚ ਮੱਥਾ ਟੇਕਣਗੇ, ਫਿਰ ਸਲੇਮ ਟਾਬਰੀ ‘ਚ ਬਾਬਾ ਅੰਬੇਡਕਰ ਭਵਨ ਦਾ ਉਦਘਾਟਨ ਕਰਨਗੇ | ਇਸ ਤੋਂ ਬਾਅਦ ਉਨ੍ਹਾਂ ਵੱਲੋਂ ਜਨ ਸਭਾ ਨੂੰ ਸੰਬੋਧਿਤ ਕੀਤਾ ਜਾਣਾ ਹੈ।
ਲੁਧਿਆਣਾ ਜ਼ਿਲ੍ਹੇ ਵਿੱਚ ਕੁੱਲ 14 ਵਿਧਾਨ ਸਭਾ ਹਲਕੇ ਹਨ ਅਤੇ ਸ਼ਹਿਰ ਵਿੱਚ ਛੇ ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਸ਼ਹਿਰੀ ਵੋਟਰ ਹਨ ਅਤੇ ਇਨ੍ਹਾਂ ਵਿੱਚ ਹਿੰਦੂ ਵੋਟਰ ਵੀ ਵੱਡੀ ਗਿਣਤੀ ਵਿੱਚ ਹਨ। ਇਸੇ ਲਈ ਮੁੱਖ ਮੰਤਰੀ ਦੁਰਗਾ ਮਾਤਾ ਮੰਦਰ ਵਿੱਚ ਮੱਥਾ ਟੇਕਣ ਆ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਸੰਜੇ ਤਲਵਾੜ ਦੇ ਇਲਾਕੇ ‘ਚ ਹੋਣ ਵਾਲੀ ਜਨ ਸਭਾ ਨੂੰ ਸੰਬੋਧਨ ਕੀਤਾ ਜਾਣਾ ਹੈ ਅਤੇ ਇਸ ‘ਚ ਵੱਡੀ ਗਿਣਤੀ ‘ਚ ਹਿੰਦੂ ਚਿਹਰਿਆਂ ਨੂੰ ਵੀ ਬੁਲਾਇਆ ਗਿਆ ਹੈ।
ਪੰਜਾਬ ਵਿੱਚ ਕੱਚੇ ਕਾਮਿਆਂ ਦੀ ਹੜਤਾਲ ਚੱਲ ਰਹੀ ਹੈ। ਇਸ ਤੋਂ ਇਲਾਵਾ 23 ਨਵੰਬਰ ਨੂੰ ਆਟੋ ਚਾਲਕਾਂ ਨੂੰ ਦਿੱਤੇ ਭਰੋਸੇ ਤੋਂ ਬਾਅਦ ਵੀ ਜਦੋਂ ਕੋਈ ਹੱਲ ਨਾ ਨਿਕਲਿਆ ਤਾਂ ਉਨ੍ਹਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਅੱਜ ਮੁੱਖ ਮੰਤਰੀ ਦੇ ਆਉਣ ’ਤੇ ਉਹ ਮੁੜ ਧਰਨਾ ਦੇ ਸਕਦੇ ਹਨ ਅਤੇ ਇਸ ਲਈ ਪ੍ਰਸ਼ਾਸਨ ਨੇ ਪਹਿਲਾਂ ਹੀ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -: