ਮੱਧ ਦਿੱਲੀ ਦੇ ਆਈਜੀਆਈ ਸਟੇਡੀਅਮ ਨੇੜੇ ਅੱਜ ਯਾਨੀ ਸ਼ਨੀਵਾਰ ਸਵੇਰੇ ਇਕ ਕੰਟੇਨਰ ਟਰੱਕ ਪਲਟ ਗਿਆ ਅਤੇ ਆਟੋ ਰਿਕਸ਼ਾ ‘ਤੇ ਡਿੱਗ ਗਿਆ, ਜਿਸ ਕਾਰਨ ਆਟੋ ਰਿਕਸ਼ਾ ਵਿਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਆਟੋ ਰਿਕਸ਼ਾ ‘ਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਅਤੇ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਆਟੋ ਰਿਕਸ਼ਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ।
ਪੁਲਸ ਨੇ ਦੱਸਿਆ ਕਿ ਦੋ ਮ੍ਰਿਤਕਾਂ ਦੀ ਪਛਾਣ ਸ਼ਾਸਤਰੀ ਪਾਰਕ ਨਿਵਾਸੀ ਸੁਰਿੰਦਰ ਕੁਮਾਰ ਯਾਦਵ ਅਤੇ ਉਸ ਦੇ ਰਿਸ਼ਤੇਦਾਰ ਜੈ ਕਿਸ਼ੋਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਬਾਕੀ ਮ੍ਰਿਤਕਾਂ ਦੀ ਸ਼ਨਾਖਤ ਲਈ ਯਤਨ ਜਾਰੀ ਹਨ। ਘਟਨਾ ਤੋਂ ਬਾਅਦ ਟਰੱਕ ਦਾ ਡਰਾਈਵਰ ਅਤੇ ਉਸ ਦਾ ਸਹਾਇਕ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੂੰ ਸਵੇਰੇ ਕਰੀਬ 6.50 ਵਜੇ ਹਾਦਸੇ ਦੀ ਸੂਚਨਾ ਦਿੱਤੀ ਗਈ।
ਡਿਪਟੀ ਕਮਿਸ਼ਨਰ ਆਫ਼ ਪੁਲਿਸ (ਸੈਂਟਰਲ) ਸ਼ਵੇਤਾ ਚੌਹਾਨ ਨੇ ਦੱਸਿਆ ਕਿ ਸਟੇਡੀਅਮ ਦੇ ਗੇਟ-16 ਦੇ ਸਾਹਮਣੇ ਰਿੰਗ ਰੋਡ ‘ਤੇ ਇੱਕ ਵੱਡਾ ਟਰੱਕ ਪਲਟ ਗਿਆ। ਆਟੋ ਰਿਕਸ਼ਾ ਨੂੰ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਲਾਸ਼ਾਂ ਨੂੰ ਐਲਐਨਜੇਪੀ ਹਸਪਤਾਲ ਭੇਜ ਦਿੱਤਾ ਗਿਆ ਹੈ। ਡੀਸੀਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਟਰੱਕ ਦੇ ਮਾਲਕ ਜਤਿੰਦਰ ਨੇ ਪੁਲਿਸ ਨੂੰ ਦੱਸਿਆ ਕਿ ਚੌਲਾਂ ਨਾਲ ਭਰਿਆ ਇਹ ਟਰੱਕ ਸੋਨੀਪਤ ਤੋਂ ਤੁਗਲਕਾਬਾਦ ਡਿਪੂ ਵੱਲ ਆ ਰਿਹਾ ਸੀ। ਇਸ ਵਿੱਚ 35 ਟਨ ਤੋਂ ਵੱਧ ਵਜ਼ਨ ਦਾ ਸਾਮਾਨ ਸੀ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਚੱਲ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: