ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਨੂੰਹ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਚੋਣਾਂ ਦੇ ਮੱਦੇਨਜ਼ਰ ਬੀਤੇ ਦਿਨ ਲੰਬੀ ਹਲਕੇ ‘ਚ ਜਨ ਸੰਪਰਕ ਮੁਹਿੰਮ ਵਿੱਢ ਦਿੱਤੀ ਹੈ। ਬੀਤੇ ਦਿਨ ਸਾਬਕਾ ਮੁੱਖ ਮੰਤਰੀ ਨੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਦਿੱਲੀ ਦੀ ਸਿਆਸੀ ‘ਕਠਪੁਤਲੀ’ ਬਣਨ ਤੋਂ ਬਚਾਉਣ ਲਈ ਤਿੰਨ-ਤਿੰਨ ਮੌਜੂਦਾ ਸਰਕਾਰਾਂ ਪੰਜਾਬ ‘ਚ ਕਾਂਗਰਸ, ਕੇਂਦਰ ਦੀ ਭਾਜਪਾ ਤੇ ਦਿੱਲੀ ਦੀ ‘ਆਪ’ ਨਾਲ ਲੜ ਰਿਹਾ ਹੈ। ਤਿੰਨੇ ਪਾਰਟੀਆਂ ਨੂੰ ਹਰ ਹੁਕਮ ਦਿੱਲੀ ਤੋਂ ਆਉਂਦਾ ਹੈ।
ਉਨ੍ਹਾਂ ਲੰਬੀ ਹਲਕੇ ‘ਚ ਭੀਟੀਵਾਲਾ, ਕੰਦੂਖੇੜਾ, ਭੁੱਲਰਵਾਲਾ, ਹਾਕੂਵਾਲਾ, ਫੱਤਾਕੇਰਾ, ਬਨਵਾਲਾ, ਭਾਗੂ ਤੇ ਖਿਉਵਾਲੀ ‘ਚ ਜਨਤਕ ਰੈਲੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਨੂੰ ਰੋਕਣ ਲਈ ਕਾਂਗਰਸ ਹੈ ਕਮਾਂਡ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤੇ ਇਸ ਕੰਮ ਲਈ ਤਿੰਨ-ਤਿੰਨ ਡੀਜੀਪੀ ਬਦਲ ਦਿੱਤੇ ਗਏ ਹਨ। ਸ੍ਰੀ ਬਾਦਲ ਨੇ ਕਿਹਾ, ‘ਡੀਜੀਪੀ’ ਕਾਹਨੂੰ ਬਦਲਦੇ ਓ, ਮੈਨੂੰ ਦੱਸ ਦਿਓ, ਮੈਂ ਖ਼ੁਦ ਗ੍ਰਿਫਤਾਰੀ ਦੇਣ ਲਈ ਆ ਜਾਂਦਾ।’
ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਅਮਰਿੰਦਰ ਸਿੰਘ ਝੂਠੀਆਂ ਧਾਰਮਿਕ ਸਹੁੰਆਂ ਖਾ ਕੇ ਤੇ ਚੋਣ ਵਾਅਦੇ ਕਰਕੇ ਹੁਣ ਪੰਜਾਬ ਨੂੰ ਲਾਵਾਰਸ ਛੱਡ ਗਿਆ। ਇਸੇ ਤਰਾਂ ਉਨ੍ਹਾਂ ਅਰਵਿੰਦ ਕੇਜਰੀਵਾਲ ‘ਤੇ ਵੀ ਬੱਚਿਆਂ ਦੀ ਝੂਠੀ ਸਹੁੰ ਖਾਨ ਦਾ ਦੋਸ਼ ਲਾਇਆ। ਬੀਬੀ ਬਾਦਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾ ਕੇਜਰੀਵਾਲ ਨੇ ਕਿਸੇ ਪਾਰਟੀ ਨਾਲ ਗੱਠਜੋੜ ਨਾ ਕਰਨ ਦੀ ਸਹੁੰ ਖਾਦੀ ਸੀ, ਪਰ ਬਾਅਦ ‘ਚ ਕਾਂਗਰਸ ਨਾਲ ਰਲ ਕੇ ਸਰਕਾਰ ਬਣਾਈ।
ਵੀਡੀਓ ਲਈ ਕਲਿੱਕ ਕਰੋ -: