ਕੇਂਦਰ ਸਰਕਾਰ ਖਿਲਾਫ ਹੜਤਾਲ ਖਤਮ ਹੋਣ ‘ਤੇ ਹੁਣ ਕਿਸਾਨਾਂ ਨੇ ਸੂਬਾ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸੜਕਾਂ ਛੱਡ ਦਿੱਤੀਆਂ ਸਨ ਪਰ ਹੁਣ ਉਹ ਪਟੜੀਆਂ ‘ਤੇ ਆ ਕੇ ਬੈਠ ਗਏ ਹਨ। ਕਿਸਾਨਾਂ ਨੇ ਸੋਮਵਾਰ ਨੂੰ ਪੰਜਾਬ ਵਿੱਚ ਰੇਲ ਰੋਕੋ ਮੁਹਿੰਮ ਦੀ ਸ਼ੁਰੂਆਤ ਕੀਤੀ। ਕਿਸਾਨ ਜੰਡਿਆਲਾ-ਮਾਨਵਾਲਾ ਟ੍ਰੈਕ, ਜਲੰਧਰ-ਪਠਾਨਕੋਟ ਰੇਲ ਮਾਰਗ, ਟਾਂਡਾ ਉੜਮੁੜ ਫਿਰੋਜ਼ਪੁਰ ਰੇਲ ਮਾਰਗ ਅਤੇ ਅੰਮ੍ਰਿਤਸਰ-ਖੇਮਕਰਨ ਰੇਲ ਮਾਰਗ ‘ਤੇ ਬੈਠੇ ਹਨ, ਜਿਸ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।
ਕਿਸਾਨ ਮਜ਼ਦੂਰ ਜਥੇਬੰਦੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਲੈ ਲਏ ਹਨ ਪਰ ਅਜੇ ਵੀ ਕਿਸਾਨਾਂ ਦੀਆਂ ਕਈ ਮੰਗਾਂ ਨਹੀਂ ਮੰਨੀਆਂ ਗਈਆਂ। ਕਿਸਾਨਾਂ ਦੀ ਕਰਜ਼ਾ ਮੁਆਫ਼ੀ, ਅੰਦੋਲਨ ਵਿੱਚ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀਆਂ ਸਮੇਤ ਹੋਰ ਕਈ ਮੁੱਦਿਆਂ ‘ਤੇ ਸਰਕਾਰ ਨਹੀਂ ਬੋਲ ਰਹੀ। ਇਨ੍ਹਾਂ ਮੰਗਾਂ ਵੱਲ ਸਰਕਾਰ ਦਾ ਧਿਆਨ ਖਿੱਚਣ ਲਈ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ। ਇਹ ਕਦੋਂ ਤੱਕ ਚੱਲੇਗਾ, ਇਹ ਤੈਅ ਨਹੀਂ ਕੀਤਾ ਗਿਆ ਹੈ।
ਕਿਸਾਨਾਂ ਦੇ ਪਟੜੀ ’ਤੇ ਬੈਠ ਜਾਣ ਕਾਰਨ ਪੰਜਾਬ ਤੋਂ ਆਉਣ-ਜਾਣ ਵਾਲੀਆਂ ਰੇਲ ਗੱਡੀਆਂ ਤੋਂ ਇਲਾਵਾ ਸੂਬੇ ਵਿੱਚੋਂ ਲੰਘਣ ਵਾਲੀਆਂ ਰੇਲ ਗੱਡੀਆਂ ਵੀ ਪ੍ਰਭਾਵਿਤ ਹੋਈਆਂ ਹਨ। ਜੰਮੂ ਜਾਂ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਯਾਤਰੀ ਉੱਥੇ ਹੀ ਫਸੇ ਹੋਏ ਹਨ। ਹੁਣ ਉਨ੍ਹਾਂ ਕੋਲ ਵਾਪਿਸ ਜਾਣ ਦਾ ਰਸਤਾ ਹੀ ਬਚਿਆ ਹੈ। ਉੱਤਰੀ ਰੇਲਵੇ ਨੇ ਵੀ ਮੰਗਲਵਾਰ ਨੂੰ 9 ਟਰੇਨਾਂ ਨੂੰ ਮੁਲਤਵੀ ਕਰ ਦਿੱਤਾ ਹੈ। ਇੰਨਾ ਹੀ ਨਹੀਂ ਕਈ ਟਰੇਨਾਂ ਨੂੰ ਸ਼ਾਰਟ ਟਰਮੀਨੇਟ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਨੂੰ ਸਬੰਧਤ ਸਟੇਸ਼ਨਾਂ ਤੋਂ ਹੀ ਰਵਾਨਾ ਕੀਤਾ ਜਾਵੇਗਾ। ਅੰਮ੍ਰਿਤਸਰ ਅਜਮੇਰ ਐਕਸਪ੍ਰੈਸ ਨੂੰ ਲੁਧਿਆਣਾ, ਧੂਰੀ ਅਤੇ ਬਠਿੰਡਾ ਰੂਟਾਂ ਤੋਂ ਮੋੜਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: