ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਵਿੱਚ ਲੱਗੀ ਹੋਈ ਹੈ, ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਵਿੱਚ ਰੈਲੀ ਤੋਂ ਪਹਿਲਾਂ ਹੀ ਕਾਂਗਰਸ ਦੀਆਂ ਵਿਕੇਟਾਂ ਆਏ ਦਿਨ ਉੱਡ ਰਹੀਆਂ ਹਨ। ਪਾਰਟੀ ਦੇ ਕਈ ਵੱਡੇ ਆਗੂ ਪਾਰਟੀ ਛੱਡ ਰਹੇ ਹਨ। ਇਸੇ ਲੜੀ ਵਿੱਚ ਕਾਂਗਰਸੀ ਵਿਧਾਇਕ ਫਤਹਿਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ ਅੱਜ ਦਿੱਲੀ ਵਿੱਚ ਬੀਜੇਪੀ ਦੇ ਸੂਬਾ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸੇ ਦੇ ਨਾਲ ਸਾਬਕਾ ਕ੍ਰਿਕਟਰ ਦਿਨੇਸ਼ ਮੋਂਗੀਆ ਵੀ BJP ਵਿੱਚ ਸ਼ਾਮਲ ਹੋ ਕੇ ਪਾਰਟੀ ਦਾ ਹਿੱਸਾ ਬਣ ਗਏ ਹਨ।
ਦੱਸ ਦੇਈਏ ਕਿ ਫਤਿਹਜੰਗ ਸਿੰਘ ਬਾਜਵਾ ਇਸ ਸਮੇਂ ਕਾਦੀਆਂ ਹਲਕੇ ਤੋਂ ਵਿਧਾਇਕ ਹਨ। ਫਤਿਹਜੰਗ ਸਿੰਘ ਬਾਜਵਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਹਨ। ਫਤਿਹਜੰਗ ਸਿੰਘ ਬਾਜਵਾ ਦਾ ਕਾਂਗਰਸ ਛੱਡ ਭਾਜਪਾ ‘ਚ ਸ਼ਾਮਿਲ ਹੋਣਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਨੂੰ ਮਾਝੇ ਵਿੱਚ ਇੱਕ ਬਹੁਤ ਵੱਡਾ ਝਟਕਾ ਹੈ।
ਦੂਜੇ ਪਾਸੇ ਹੀ ਬਲਵਿੰਦਰ ਸਿੰਘ ਲਾਡੀ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸ ਦੇ ਵਿਧਾਇਕ ਸਨ। ਸੀਨੀਅਰ ਕਾਂਗਰਸੀ ਲੀਡਰਾਂ ਵੱਲੋਂ ਇਸ ਤਰ੍ਹਾਂ ਪਾਰਟੀ ਛੱਡ ਕੇ ਜਾਣ ਦਾ ਘਾਟਾ ਕਾਂਗਰਸ ਨੂੰ ਚੋਣਾਂ ਵਿੱਚ ਝੱਲਣਾ ਪੈ ਸਕਦਾ ਹੈ। ਦੋਵਾਂ ਵਿਧਾਇਕਾਂ ਨੂੰ ਪਾਰਟੀ ਵੱਲੋਂ ਟਿਕਟ ਨਾ ਦਿੱਤੇ ਜਾਣ ਦੀ ਸੰਭਾਵਨਾ ਸੀ, ਜਿਸ ਕਰਕੇ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ। ਉਥੇ ਹੀ ਭਾਜਪਾ ਵੱਲੋਂ ਕਾਂਗਰਸ ਦੇ ਮੌਜੂਦਾ ਵਿਧਾਇਕਾਂ ‘ਤੇ ਸ਼ਿਕੰਜਾ ਕੱਸੇ ਜਾਣ ਦੀਆਂ ਖਬਰਾਂ ਵੀ ਸੱਚ ਸਾਬਤ ਹੋ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਸ ਵਾਰ ਬੇਜੀਪੀ ਨਾਲ ਗਠਜੋੜ ਕਰਕੇ ਚੋਣ ਮੈਦਾਨ ਵਿੱਚ ਉਤਰ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਾਅਵਾ ਕੀਤਾ ਸੀ ਕਿ ਚੋਣਾਂ ਤੋਂ ਪਹਿਲਾਂ ਕਈ ਕਾਂਗਰਸੀ ਆਗੂ ਆਪਣੀ ਪਾਰਟੀ ਛੱਡਣਗੇ। ਉਥੇ ਹੀ ਭਾਜਪਾ ਵੱਲੋਂ ਵੀ ਇਹ ਬਿਆਨ ਦਿੱਤੇ ਗਏ ਸਨ ਕਿ ਕਈ ਕਾਂਗਰਸੀ ਆਗੂ ਤੇ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ ਤੇ ਛੇਤੀ ਹੀ ਉਹ ਪਾਰਟੀ ਵਿੱਚ ਸ਼ਾਮਲ ਹੋਣਗੇ।