ਤ੍ਰਿਪੁਰਾ ‘ਚ ਤੇਜ਼ਾਬ ਨੂੰ ਸ਼ਰਾਬ ਸਮਝਕੇ ਪੀਣ ਨਾਲ 3 ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਤ੍ਰਿਪੁਰਾ ਦੇ ਧਲਾਈ ਜ਼ਿਲ੍ਹੇ ਦੀ ਹੈ। ਤ੍ਰਿਪੁਰਾ ਪੁਲਿਸ ਨੇ ਬੁੱਧਵਾਰ ਨੂੰ ਕਿਹਾ ਕਿ ਧਲਾਈ ਜ਼ਿਲ੍ਹੇ ਵਿੱਚ ਤਿੰਨ ਨਸ਼ੇੜੀ ਵਿਅਕਤੀਆਂ ਨੇ ਗਲਤੀ ਨਾਲ ਸ਼ਰਾਬ ਸਮਝ ਕੇ ਤੇਜ਼ਾਬ ਪੀ ਲਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਹ ਘਟਨਾ ਧਲਾਈ ਜ਼ਿਲ੍ਹੇ ਦੇ ਮਨੂ ਥਾਣਾ ਖੇਤਰ ਦੇ 82 ਮੀਲ ਇਲਾਕੇ ਦੀ ਹੈ।
ਉਪ-ਮੰਡਲ ਪੁਲਿਸ ਅਧਿਕਾਰੀ (ਐਸਡੀਪੀਓ) ਰਤਮ ਸਧਨ ਜਮਾਟਿਆ ਦੇ ਅਨੁਸਾਰ, ਮ੍ਰਿਤਕਾਂ ਦੀ ਪਛਾਣ ਕ੍ਰਿਸ਼ਨਾ ਜੈ ਪਾਰਾ ਦੇ ਸਚਿੰਦਰ ਰਿਆਂਗ (22), ਹਜ਼ਰਾਧਨ ਪਾਰਾ ਦੇ ਅਧਿਰਾਮ ਰਿਆਂਗ (40) ਅਤੇ ਨੇਪਾਲਟੀਲਾ ਖੇਤਰ ਦੇ ਭਾਬੀਰਾਮ ਰਿਆਂਗ ਵਜੋਂ ਹੋਈ ਹੈ। ਐਸਡੀਪੀਓ ਨੇ ਦੱਸਿਆ, “ਇਹ ਤਿੰਨੋਂ ਪਹਿਲਾਂ ਹੀ ਸ਼ਰਾਬ ਦੇ ਨਸ਼ੇ ਵਿੱਚ ਸਨ ਅਤੇ ਗਲਤੀ ਨਾਲ ਸ਼ਰਾਬ ਸਮਝ ਕੇ ਤੇਜ਼ਾਬ ਪੀ ਗਏ।”
ਸਥਾਨਕ ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਵਿੱਚੋਂ ਇੱਕ ਭਾਬੀਰਾਮ ਰਿਆਂਗ ਦੀ ਪਤਨੀ ਆਪਣੇ ਬੱਚਿਆਂ ਨਾਲ ਪਿਛਲੇ ਸ਼ੁੱਕਰਵਾਰ ਨੂੰ ਆਪਣੇ ਪੇਕੇ ਘਰ ਗਈ ਸੀ। ਸੋਮਵਾਰ ਨੂੰ ਭਾਬੀਰਾਮ ਨੂੰ ਆਪਣੇ ਬੇਟੇ ਦੀ ਵਿਗੜਦੀ ਤਬੀਅਤ ਦਾ ਪਤਾ ਚੱਲਿਆ ਅਤੇ ਬੇਟੇ ਨੂੰ ਮਿਲਣ ਲਈ ਆਪਣੇ ਸਹੁਰੇ ਘਰ ਪਹੁੰਚਿਆ।
ਪੁਲਸ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਇਕ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ, ਜਿਸ ‘ਚ ਤਿੰਨ ਮ੍ਰਿਤਕਾਂ ਸਮੇਤ 10 ਲੋਕ ਸ਼ਾਮਲ ਹੋਏ ਸਨ। ਪਾਰਟੀ ‘ਚ ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਤਿੰਨਾਂ ਨੇ ਗਲਤੀ ਨਾਲ ਤੇਜ਼ਾਬ ਪੀ ਲਿਆ। ਉਹ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਸ਼ਰਾਬ ਅਤੇ ਤੇਜ਼ਾਬ ਵਿੱਚ ਫਰਕ ਨਹੀਂ ਸਮਝ ਸਕੇ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਦੇ ਤੁਰੰਤ ਬਾਅਦ, ਤਿੰਨਾਂ ਨੂੰ ਪ੍ਰਾਇਮਰੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੋਂ ਬੁੱਧਵਾਰ ਸਵੇਰੇ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਕਿਹਾ, “ਉੱਥੇ ਪਹੁੰਚ ਕੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ।”
ਵੀਡੀਓ ਲਈ ਕਲਿੱਕ ਕਰੋ -: