ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ‘ਸੰਯੁਕਤ ਸਮਾਜ ਮੋਰਚਾ’ ਨਾਲ ਚੋਣ ਮੈਦਾਨ ਵਿੱਚ ਉਤਰਨ ਲਈ ਤਿਆਰ ਹਨ। ਕਿਸਾਨਾਂ ਵੱਲੋਂ ਬਣਾਏ ਇਸ ਸੰਗਠਨ ਦੀ ਆਮ ਆਦਮੀ ਪਾਰਟੀ ਨਾਲ ਗਠਜੋੜ ਦੀ ਚਰਚਾ ਹੈ। ਇਸ ਨੂੰ ਲੈ ਕੇ ਮੋਰਚੇ ਦੇ ਪ੍ਰਮੁੱਖ ਲੀਡਰ ਰਾਜੇਵਾਲ ਨੇ ਕਿਹਾ ਕਿ ਅਜੇ ‘ਆਪ’ ਨਾਲ ਗਠਜੋੜ ਕਰਨ ਸਬੰਧੀ ਕੋਈ ਗੱਲਬਾਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਅਜੇ ਕਿਸੇ ਵੀ ਪਾਰਟੀ ਨਾਲ ਸਮਝੌਤੇ ਨੂੰ ਲੈ ਕੇ ਕੋਈ ਫੈਸਲਾ ਨਹੀਂ ਹੋਇਆ ਹੈ। ਹਾਲਾਂਕਿ, ਉਨ੍ਹਾਂ ਨੇ ਗਠਜੋੜ ਕਰਨ ਤੋਂ ਪੂਰੀ ਤਰ੍ਹਾਂ ਇਨਕਾਰ ਵੀ ਨਹੀਂ ਕੀਤਾ।
ਸਿਆਸਤ ਵਿੱਚ ਉਤਰਨ ਦੇ ਫੈਸਲੇ ‘ਤੇ ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਪੰਜਾਬ ਦੇ ਭਵਿੱਖ ਦੀ ਕੋਈ ਚਿੰਤਾ ਨਹੀਂ ਹੈ। ਲੋਕਾਂ ਨੂੰ ਆਪਣਾ ਭਵਿੱਖ ਸੰਵਾਰਨ ਲਈ ਆਪ ਹੀ ਬਾਹਰ ਨਿਕਲਣਾ ਪੈਣਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਪੰਜਾਬ ਬਚਾਉਣਾ ਹੈ। ਇਸ ਲਈ ਸਾਰੇ ਲੋਕਾਂ ਨੂੰ ਬਾਹਰ ਨਿਕਲਣਾ ਪਏਗਾ ਤਾਂ ਹੀ ਪੰਜਾਬ ਬਚੇਗਾ, ਨਹੀਂ ਤਾਂ ਸਾਡੀ ਜਵਾਨੀ ਡਰੱਗਸ ਨਾਲ ਰੁਲ ਕੇ ਮਰ ਜਾਊ, ਜਾਂ ਫਿਰ ਉਹੀ ਕਾਲਾ ਦੌਰ ਸ਼ੁਰੂ ਹੋ ਜਾਵੇਗਾ।
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀ ਤਿਆਰੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਚੋਣ ਮੈਨੀਫੈਸਟੋ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ। ਸੀਟਾਂ ਲਈ ਅਰਜ਼ੀਆਂ ਆ ਰਹੀਆਂ ਹਨ। ਪਾਰਟੀ ਲੋਕ ਹਿੱਤ ਲਈ ਕੰਮ ਕਰਨ ਵਾਲੇ ਬੰਦਿਆਂ ਨੂੰ ਹੀ ਟਿਕਟ ਦੇਵੇਗੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਿੱਚ ਅਰਜ਼ੀ ਦੇਣ ਦੀ ਪ੍ਰਕਿਰਿਆ ਵੀ ਜਾਰੀ ਹੈ। ਜਿਵੇਂ-ਜਿਵੇਂ ਫੈਸਲੇ ਲਏ ਜਾਣਗੇ ਉਹ ਇਨ੍ਹਾਂ ਬਾਰੇ ਜਾਣੂ ਕਰਵਾਉਂਦੇ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਉਨ੍ਹਾਂ ਕਿਹਾ ਕਿ ਸਾਨੂੰ ਪਬਲਿਕ ਵੱਲੋਂ ਬਹੁਤ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ 22 ਜਥੇਬੰਦੀਆਂ ਵੱਲੋਂ ਇਹ ‘ਸੰਯੁਕਤ ਸਮਾਜ ਮੋਰਚਾ’ ਬਣਾਇਆ ਗਿਆ ਹੈ। ਹਾਲਾਂਕਿ ਉਹ ਅਜੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਹੀ ਹਨ। ਜਿਹੜੀਆਂ ਜਥੇਬੰਦੀਆਂ ਇਸ ਵਿੱਚ ਆਉਣਾ ਨਹੀਂ ਆਉਣਾ ਚਾਹੁੰਦੀਆਂ, ਇਹ ਉਨ੍ਹਾਂ ਦਾ ਫੈਸਲਾ ਹੈ ਤੇ ਅਸੀਂ ਸਿਆਸਤ ਵਿੱਚ ਆਉਣ ਦਾ ਫੈਸਲਾ ਲਿਆ ਹੈ।