ਚੰਡੀਗੜ੍ਹ ਪੁਲਿਸ ਨੇ ਲੰਘੇ ਮੰਗਲਵਾਰ ਦੀ ਰਾਤ ਨੂੰ ਇੱਥੇ ਸੈਕਟਰ 3 ਸਥਿਤ ਐੱਮਐੱਲਏ ਹੋਸਟਲ ਵਿੱਚ ਪਾਰਕ ਕੀਤੀ ਹਰਿਆਣਾ ਦੇ ਵਿਧਾਇਕ ਦੀ ਫਾਰਚੂਨਰ ਗੱਡੀ ਨੂੰ ਅੱਗ ਲਗਾਉਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਮੰਗਲਵਾਰ ਦੀ ਰਾਤ ਨੂੰ ਲਗਭਗ 11:15 ਵਜੇ ਸੈਕਟਰ 3 ਸਥਿਤ ਐੱਮਐੱਲਏ ਹੋਸਟਲ ਵਿਖੇ ਇਕ ਕਾਰ ਆਈ ਸੀ ਜਿਸ ਵਿੱਚ 3-4 ਵਿਅਕਤੀ ਬੈਠੇ ਸਨ। ਕਾਰ ਵਿੱਚੋਂ ਇੱਕ ਵਿਅਕਤੀ ਹੇਠਾਂ ਉਤਰਿਆ ਅਤੇ ਉਸ ਨੇ ਉੱਥੇ ਖੜ੍ਹੀ ਫਾਰਚੂਨਰ ਗੱਡੀ (ਐੱਚਆਰ 10 ਏਏ 0003) ਦਾ ਅਗਲਾ ਸ਼ੀਸ਼ਾ ਤੋੜ ਦਿੱਤਾ।
ਸ਼ੀਸ਼ਾ ਟੁੱਟਣ ‘ਤੇ ਜਦੋਂ ਕਾਰ ਦਾ ਸਿਕਿਉਰਿਟੀ ਅਲਾਰਮ ਵੱਜਣ ਲੱਗਾ ਤਾਂ ਸ਼ੱਕੀ ਵਿਅਕਤੀ ਕਰ ‘ਚ ਬੈਠੇ ਆਪਣੇ ਸਾਥੀਆਂ ਸਮੇਤ ਫ਼ਰਾਰ ਹੋ ਗਿਆ ਇਸ ਤੋਂ ਬਾਅਦ ਲਗਭਗ 12:15 ਉਹੀ ਕਾਰ ਮੁੱਖ ਗੇਟ ਤੋਂ ਐੱਮਐੱਲਏ ਹੋਸਟਲ ਵਿੱਚ ਦਾਖਲ ਹੋਈ ਅਤੇ ਲਾਲ ਰੰਗ ਦੀ ਜੈਕਟ ਵਾਲੇ ਵਿਅਕਤੀ ਨੇ ਫਾਰਚੂਨਰ ਗੱਡੀ ਨੂੰ ਅੱਗ ਲਗਾ ਦਿੱਤੀ। ਉੱਥੇ ਤਾਇਨਾਤ ਸੁਰੱਖਿਆ ਕਰਮੀ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਧੱਕਾ ਦੇ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਤੇ ਐੱਸਐੱਸਪੀ ਕੁਲਦੀਪ ਚਾਹਲ ਦੇ ਨਿਰਦੇਸ਼ਾਂ ‘ਤੇ ਐੱਸਪੀ ਸਿਟੀ ਕੇਤਨ ਬਾਂਸਲ, ਡੀਐੱਸਪੀ ਸੈਂਟਰਲ ਚਰਨਜੀਤ ਸਿੰਘ ਵਿਰਕ, ਐੱਸਐੱਚਓ ਸੈਕਟਰ-3 ਪੁਲਿਸ ਸਟੇਸ਼ਨ ਇੰਸਪੈਕਟਰ ਸ਼ੇਰ ਸਿੰਘ, ਸਬ-ਇੰਸਪੈਕਟਰ ਸੁਨੀਲ ਕੁਮਾਰ ਨੇ ਮੌਕੇ ਤੋਂ ਮਿਲੀ ਜਾਣਕਾਰੀ ਅਤੇ ਸੁਰਾਗ ਇਕੱਠੇ ਕਰਕੇ ਮੁਲਜ਼ਮ ਨੂੰ ਪੰਜਾਬ ਸਕੱਤਰੇਤ ਦੇ ਪਿੱਛਲੇ ਪਾਸੇ ਨਵਾਂ ਗਾਓਂ-ਕਾਂਸਲ ਮੋੜ ਵੱਲ ਜਾਂਦੀ ਸੜਕ ਨੇੜੇ ਇਸ ਵਾਰਦਾਤ ਵਿੱਚ ਵਰਤੀ ਫੋਰਡ ਆਈਕਾਨ ਕਰ ਸਮੇਤ ਕਾਬੂ ਕਰ ਲਿਆ।
ਬਦਲਾ ਲੈਣ ਲਈ ਵਾਰਦਾਤ ਨੂੰ ਦਿੱਤਾ ਸੀ ਅੰਜਾਮ: ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਹਿਮਾਂਸ਼ੂ (24) ਵਾਸੀ ਪਿੰਡ ਨਾਡਾ, ਜ਼ਿਲ੍ਹਾ ਮੋਹਾਲੀ ਵਜੋਂ ਹੋਈ ਹੈ। ਉਹ ਕੱਪੜਿਆਂ ਦਾ ਕਾਰੋਬਾਰ ਕਰਦਾ ਹੈ ਅਤੇ ਦਸਵੀਂ ਪਾਸ ਹੈ। ਪੁਲਿਸ ਅਨੁਸਾਰ ਮੁਲਜ਼ਮ ਹਿਮਾਂਸ਼ੂ ਆਪਣੇ ਸਾਥੀ ਮੁਕੇਸ਼ ਨਾਲ ਕਾਰ ਵਿੱਚ ਸਵਾਰ ਹੋ ਕੇ ਇਥੇ ਸੈਕਟਰ 10 ਦੀ ਮਾਰਕੀਟ ਵਿੱਚ ਰਾਤ ਦੇ ਖਾਣੇ ਲਈ ਆਏ ਸਨ। ਇੱਥੇ ਮਾਊਂਟਵਿਊ ਹੋਟਲ ਦੇ ਗੇਟ ਦੇ ਸਾਹਮਣੇ ਵਾਲੀ ਪਾਰਕਿੰਗ ਵਿੱਚ ਫਾਰਚੂਨਰ ਕਾਰ ਨਾਲ ਉਨ੍ਹਾਂ ਦੀ ਕਾਰ ਟਕਰਾ ਗਈ ਅਤੇ ਫਾਰਚੂਨਰ ਗੱਡੀ ਵਿੱਚ ਸਵਾਰ ਵਿਧਾਇਕ ਦੇ ਗੰਨਮੈਨ ਅਤੇ ਡਰਾਈਵਰ ਨਾਲ ਝਗੜਾ ਹੋ ਗਿਆ। ਮੁਲਜ਼ਮ ਇਸ ਗੱਲ ਦਾ ਬਦਲਾ ਲੈਣ ਲਈ ਮੰਗਲਵਾਰ ਦੀ ਰਾਤ ਐੱਮ ਐੱਲ ਏ ਹੋਟਲ ਪੁੱਜਿਆ ਅਤੇ ਉੱਥੇ ਖੜ੍ਹੀ ਫਾਰਚੂਨਰ ਗੱਡੀ ਨੂੰ ਅੱਗ ਲੱਗਾ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: