ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਦੇ ਮੱਦੇਨਜ਼ਰ ਉਥੇ ਤਾਇਨਾਤ ਸਿਪਾਹੀ ਤੋਂ ਲੈ ਕੇ ਐੱਸ. ਐੱਸ. ਪੀ. ਤੱਕ ਸਾਰੇ ਪੁਲਿਸ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਕਰਵਾਏ ਗਏ ਹਨ। ਇਸ ਰੈਲੀ ਵਿਚ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ 150 ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ ਤੇ ਉਨ੍ਹਾਂ ਦੇ ਵੀ ਕੋਰੋਨਾ ਟੈਸਟ ਕਰਵਾਏ ਗਏ ਹਨ। ਜਾਣਕਾਰੀ ਮੁਤਾਬਕ ਰੈਲੀ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਕੁੱਲ 1100 ਪੁਲਿਸ ਮੁਲਾਜ਼ਮਾਂ ਦੀ ਡਿਊਟੀ ਰੈਲੀ ਲਈ ਲਗਾਈ ਗਈ ਹੈ ਤੇ ਜਿਸ ਮੁਲਾਜ਼ਮ ਦੀ ਰਿਪੋਰਟ ਪਾਜੀਟਿਵ ਆਉਂਦੀ ਹੈ ਉਸ ਨੂੰ ਡਿਊਟੀ ਤੋਂ ਹਟਾ ਦਿੱਤਾ ਜਾਵੇਗਾ।
ਭਾਜਪਾ ਆਗੂ ਡਾ. ਰਾਜਿੰਦਰ ਸ਼ਰਮਾ ਨੇ ਦੱਸਿਆ ਸੀ ਕਿ ਰੈਲੀ ਲਈ ਇੱਕ ਲੱਖ ਕੁਰਸੀ ਦਾ ਪ੍ਰਬੰਧ ਕੀਤਾ ਗਿਆ ਹੈ ਕਿਉਂਕਿ ਵੱਡੀ ਗਿਣਤੀ ਵਿਚ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਣਨ ਲਈ ਪੁੱਜ ਰਹੇ ਹਨ। ਅਜਿਹੇ ਵਿਚ ਸਵਾਲ ਇਹ ਉਠਦਾ ਹੈ ਕਿ ਇੱਕ ਪਾਸੇ ਤਾਂ ਰੈਲੀ ‘ਚ ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੇ ਤਾਂ ਕੋਰੋਨਾ ਟੈਸਟ ਕਰਵਾਏ ਗਏ ਹਨ ਪਰ ਜਿਹੜੀ ਭੀੜ ਉਥੇ ਇਕੱਠੀ ਹੋਵੇਗੀ ਕੀ ਉਸ ‘ਤੇ ਕੋਰੋਨਾ ਅਸਰ ਨਹੀਂ ਕਰੇਗਾ?
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਪੰਜਾਬ ਵਿਚ ਵੀ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦਰਮਿਆਨ 15,822 ਟੈਸਟ ਕੀਤੇ ਗਏ ਜਿਨ੍ਹਾਂ ਵਿਚੋਂ 1027 ਨਵੇਂ ਕੇਸ ਮਿਲੇ। ਪੰਜਾਬ ਵਿਚ ਕੋਰੋਨਾ ਦੇ ਹਾਲਾਤ ਦਿਨ-ਬ-ਦਿਨ ਵਿਗੜਦੇ ਜਾ ਰਹੇ ਹਨ। ਸਿਰਫ 8 ਦਿਨ ਵਿਚ ਕੋਰੋਨਾ ਦੇ ਕੇਸ 20 ਗੁਣਾ ਵਧ ਗਏ ਹਨ। 28 ਦਸੰਬਰ ਨੂੰ ਪੰਜਾਬ ਵਿਚ ਸਿਰਫ 51 ਪਾਜੀਟਿਵ ਕੇਸ ਮਿਲੇ ਸਨ ਜੋ ਹੁਣ ਮੰਗਲਵਾਰ ਨੂੰ ਵਧ ਕੇ 1000 ਨੂੰ ਪਾਰ ਕਰ ਚੁੱਕੇ ਹਨ। ਪੰਜਾਬ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 2686 ਹੋ ਚੁੱਕੀ ਹੈ।