ਆਨਲਾਈਨ ਖੇਡ ਰਾਹੀਂ ਪਾਕਿਸਤਾਨੀ ਵਿਅਕਤੀ ਦੇ ਸੰਪਰਕ ਵਿੱਚ ਆਈ ਰਾਜਸਥਾਨ ਵਾਸੀ 25 ਸਾਲਾ ਵਿਹਾਉਤਾ ਔਰਤ ਅੱਜ ਸਰਹੱਦ ਪਾਰ ਜਾਣ ਲਈ ਅੰਮ੍ਰਿਤਸਰ ਪਹੁੰਚੀ। ਇਸ ਔਰਤ ਨੂੰ ਜਦੋਂ ਪੁਲਿਸ ਵੱਲੋਂ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਸਨ ਜਿਸ ਮਗਰੋਂ ਉਸ ਨੂੰ ਰੋਕ ਲਿਆ ਗਿਆ ਅਤੇ ਪੁਲਿਸ ਵੱਲੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ ਗਿਆ।
ਇਹ ਔਰਤ ਪਾਕਿਸਤਾਨ ਰਹਿੰਦੇ ਆਪਣੇ ਪ੍ਰੇਮੀ ਨੂੰ ਮਿਲਣ ਲਈ ਜਾਣਾ ਚਾਹੁੰਦੀ ਸੀ, ਪਰ ਉਸ ਵਿਅਕਤੀ ਬਾਰੇ ਵੀ ਕੋਈ ਵਿਸਥਾਰਤ ਜਾਣਕਾਰੀ ਨਹੀਂ ਸੀ। ਸਥਾਨਕ ਥਾਣਾ ਬੀ-ਡਵੀਜ਼ਨ ਦੀ ਪੁਲਿਸ ਨੇ ਔਰਤ ਨੂੰ ਰੋਕ ਕੇ ਰਾਜਸਥਾਨ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਥਾਣਾ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਔਰਤ ਦੇ ਪਰਿਵਾਰਕ ਮੈਂਬਰ ਛੇਤੀ ਹੀ ਇੱਥੇ ਪੁੱਜ ਜਾਣਗੇ। ਉਨ੍ਹਾਂ ਦੱਸਿਆ ਕਿ ਉਕਤ ਔਰਤ ਆਪਣੇ ਨਾਲ ਕੁੱਝ ਗਹਿਣੇ ਅਤੇ ਨਕਦੀ ਲੈ ਕੇ ਆਈ ਹੈ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਯੂਪੀ ਦੇ ਮਹਾਰਾਜਗੰਜ ਦੀ ਰਹਿਣ ਵਾਲੀ ਹੈ, ਪਰ ਉਸ ਨੇ ਪੁਲਿਸ ਨੂੰ ਰਾਜਸਥਾਨ ਰਹਿੰਦੇ ਆਪਣੇ ਪੇਕੇ ਪਰਿਵਾਰ ਦਾ ਸੰਪਰਕ ਦਿੱਤਾ। ਉਨ੍ਹਾਂ ਦੱਸਿਆ ਕਿ ਔਰਤ ਕੋਲੋਂ ਕੋਈ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਦੋ ਉਕਤ ਔਰਤ ਨੂੰ ਪੁਲਿਸ ਨੇ ਰੋਕਿਆ ਹੋਇਆ ਸੀ ਤਾਂ ਇਸ ਦੌਰਾਨ ਵਟਸਐਪ ਨੰਬਰ ‘ਤੇ ਉਸ ਨੂੰ ਪਾਕਿਸਤਾਨ ਦੇ ਨੰਬਰ ਤੇ ਇੱਕ ਕਾਲ ਵੀ ਆਈ ਸੀ, ਪਰ ਪੁਲਿਸ ਵੱਲੋਂ ਦੁਬਾਰਾ ਇਸ ਨੰਬਰ ‘ਤੇ ਕਾਲ ਕਰਨ ‘ਤੇ ਅੱਗੋਂ ਕੋਈ ਹੁੰਗਾਰਾ ਨਹੀਂ ਮਿਲਿਆ।
ਇਸ ਔਰਤ ਨੇ ਦੱਸਿਆ ਕਿ ਉਸ ਦਾ ਢਾਈ ਸਾਲਾਂ ਦਾ ਇੱਕ ਬੇਟਾ ਹੈ, ਜੋ ਮੋਬਾਈਲ ‘ਤੇ ਆਨਲਾਈਨ ਲੁੱਡੋ ਖੇਡਦਾ ਹੈ। ਇਸ ਖੇਡ ਦੌਰਾਨ ਹੀ ਉਹ ਇੱਕ ਪਾਕਿਸਤਾਨੀ ਵਿਅਕਤੀ ਦੇ ਸੰਪਰਕ ਵਿੱਚ ਆਈ। ਇਸ ਮਗਰੋਂ ਦੋਵਾਂ ਨੇ ਫੇਸਬੁੱਕ ਰਾਹੀਂ ਫੋਨ ਨੰਬਰ ਸਾਂਝੇ ਕੀਤੇ। ਦੋਵੇਂ ਵਟਸਐਪ ਰਾਹੀਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਸਨ। ਉਸ ਵਿਅਕਤੀ ਨੇ ਇਸ ਔਰਤ ਨੂੰ ਅਟਾਰੀ ਵਾਹਗਾ ਸਰਹੱਦ ‘ਤੇ ਪਹੁੰਚਣ ਲਈ ਕਿਹਾ, ਜਿਥੋਂ ਉਸ ਨੇ ਇਸ ਨੂੰ ਅੱਗੋਂ ਮਿਲਣਾ ਸੀ। ਇੱਥੇ ਵਿਰਾਸਤੀ ਮਾਰਗ ‘ਤੇ ਜਦੋਂ ਇਹ ਔਰਤ ਇਕ ਆਟੋਰਿਕਸ਼ਾ ਚਾਲਕ ਨਾਲ ਅਟਾਰੀ ਜਾਣ ਬਾਰੇ ਗੱਲ ਕਰ ਰਹੀ ਸੀ ਤਾਂ ਕੋਲ ਖੜ੍ਹੇ ਸਿਪਾਹੀ ਰਣਜੀਤ ਸਿੰਘ ਨੂੰ ਉਸ ‘ਤੇ ਸ਼ੱਕ ਹੋਇਆ ਅਤੇ ਉਸ ਨੇ ਪੁਲਿਸ ਟੀਮ ਨੂੰ ਸੂਚਨਾ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: