ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਹੋਈ ਕੁਤਾਹੀ ਮਾਮਲੇ ਨੂੰ ਲੈ ਕੇ ਫਿਰੋਜ਼ਪੁਰ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਫਿਰੋਜ਼ਪੁਰ ਦੇ ਨੇੜੇ ਥਾਣਾ ਕੁਲਗੜ੍ਹੀ ਵਿਚ 150 ਅਣਪਛਾਤੇ ਦੋਸ਼ੀਆਂ ਉਤੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। FIR ਵੀਰਵਾਰ ਰਾਤ ਨੂੰ ਦਰਜ ਕੀਤੀ ਗਈ ਸੀ।
ਇਸੇ ਦਰਮਿਆਨ ਇੱਕ ਹੋਰ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਕਿ ਕੇਂਦਰੀ ਜਾਂਚ ਕਮੇਟੀ ਨੇ ਪੰਜਾਬ ਦੇ 5 ਜ਼ਿਲ੍ਹਿਆਂ ਦੇ ਐੱਸ. ਐੱਸ. ਪੀਜ਼ ਨੂੰ ਤਲਬ ਕੀਤਾ ਹੈ। ਜ਼ਿਲ੍ਹਾ ਮੋਗਾ, ਤਰਨਤਾਰਨ, ਮੁਕਤਸਰ ਸਾਹਿਬ, ਫਰੀਦਕੋਟ ਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਸੀਨੀਅਰ ਅਧਿਕਾਰੀਆਂ ਨੂੰ PM ਮੋਦੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਜਾਂਚ ਕਮੇਟੀ ਅੱਜ ਫਿਰੋਜ਼ਪੁਰ ਪਹੁੰਚੀ ਹੈ। ਆਈ.ਜੀ. ਅਤੇ ਐਸ.ਪੀ. ਲੈਵਲ ਦੇ 13 ਅਧਿਕਾਰੀ ਵੀ ਤਲਬ ਕੀਤੇ ਗਏ ਹਨ। ਕੇਂਦਰ ਦੀ ਟੀਮ ਪੁਲਿਸ ਅਫਸਰਾਂ ਤੋਂ ਪੁੱਛਗਿਛ ਕਰੇਗੀ। ਇਸ ਤੋਂ ਬਾਅਦ ਟੀਮ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਮਿਲੇਗੀ।
ਦਿੱਲੀ ਤੋਂ ਆਈ ਟੀਮ ਵਿਚ ਇੰਟੈਲੀਜੈਂਸ ਬਿਊਰੋ ਦੇ ਜੁਆਇੰਟ ਡਾਇਰੈਕਟਰ ਬਲਬੀਰ ਸਿੰਘ, ਸਕਿਓਰਿਟੀ ਸਕੱਤਰ, ਸੁਧੀਰ ਕੁਮਾਰ ਸਕਸੈਨਾ ਤੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੇ IG ਐੱਸ. ਸੁਰੇਸ਼ ਸ਼ਾਮਲ ਹਨ। ਟੀਮ ਹੁਣ ਬੀਐੱਸਐੱਫ ਦੇ ਫਿਰੋਜ਼ਪੁਰ ਕੈਂਪ ਪੁੱਜੀ ਹੈ। ਕਾਫਲੇ ਵਾਲੀ ਜਗ੍ਹਾ ਉਤੇ ਜਾ ਕੇ ਟੀਮ ਨੇ ਦੇਖਿਆ ਕਿ ਪੀਐੱਮ ਮੋਦੀ ਦਾ ਕਾਫਲਾ ਜਿਥੇ ਰੁਕਿਆ ਸੀ, ਉਸ ਦੇ ਚਾਰੇ ਪਾਸੇ ਕੀ ਸੀ? ਪੀਐੱਮ ਮੋਦੀ ਦੀ ਕਾਰ ਤੋਂ ਪ੍ਰਦਰਸ਼ਨਕਾਰੀ ਕਿੰਨੀ ਦੂਰੀ ‘ਤੇ ਸੀ? ਇਸ ਦੌਰਾਨ ਉਥੇ ਕਿੰਨੀ ਪੁਲਿਸ ਤਾਇਨਾਤ ਸੀ? ਆਸ-ਪਾਸ ਕਿਹੜੇ-ਕਿਹੜੇ ਪਿੰਡ ਹਨ? ਬਾਰਡਰ ਤੋਂ ਕਿੰਨੀ ਦੂਰ ਹੈ।
ਮਾਮਲੇ ਦੀ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ। ਗ੍ਰਹਿ ਮੰਤਰਾਲੇ ਦੀ ਟੀਮ ਨੇ ਮੌਕੇ ਦੀਆਂ ਕਈ ਫੋਟੋਆਂ ਵੀ ਲਈਆਂ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਪੀਐਮ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਨੂੰ ਲੈ ਕੇ ਆਪਣੀ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਹੈ। ਪੰਜਾਬ ਦੇ ਮੁੱਖ ਸਕੱਤਰ ਨੇ ਦੱਸਿਆ ਕਿ ਇਹ ਰਿਪੋਰਟ ਪੰਜਾਬ ਦੇ ਉੱਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਤਿਆਰ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: