ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ‘ਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਮਾਮਲਿਆਂ ਦਰਮਿਆਨ ਐਤਵਾਰ ਨੂੰ ਹਾਈ ਲੈਵਲ ਸਮੀਖਿਆ ਮੀਟਿੰਗ ਕੀਤੀ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ।
ਸਮੀਖਿਆ ਬੈਠਕ ‘ਚ ਪੀਐੱਮ ਮੋਦੀ ਨੇ ਜ਼ਿਲਾ ਪੱਧਰ ‘ਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਇਸ ਸਬੰਧੀ ਰਾਜਾਂ ਨਾਲ ਤਾਲਮੇਲ ਬਣਾਈ ਰੱਖਣ ਲਈ ਕਿਹਾ।
ਇਸ ਦੌਰਾਨ ਪ੍ਰਧਾਨ ਮੰਤਰੀ ਨੇ 15 ਤੋਂ 18 ਸਾਲ ਦੀ ਉਮਰ ਦੇ ਅੱਲ੍ਹੜਾਂ ਦੇ ਟੀਕਾਕਰਨ ਨੂੰ ਹੋਰ ਤੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਜ਼ਿਆਦਾ ਮਾਮਲੇ ਆ ਰਹੇ ਹਨ, ਉੱਥੇ ਕੰਟੇਨਮੈਂਟ ਤੇ ਐਕਟਿਵ ਸਰਵਿਸਲਾਂਸ ‘ਤੇ ਖਾਸ ਜ਼ੋਰ ਜਾਰੀ ਰਹੇ ਤੇ ਸੂਬਿਆਂ ਵਿੱਚ ਜਿਥੇ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ, ਉਨ੍ਹਾਂ ਨੂੰ ਲੋੜ ਮੁਤਾਬਕ ਟੈਕਨੀਕਲ ਸਪੋਰਟ ਮੁਹੱਈਆ ਕਰਵਾਇਆ ਜਾਵੇ।
ਮੀਟਿੰਗ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਬਦਲ ਰਿਹਾ ਹੈ, ਇਸ ਲਈ ਟੈਸਟਿੰਗ, ਟੀਕਾਕਰਨ ਅਤੇ ਜੀਨੋਮ ਸੀਕਵੈਂਸਿੰਗ ਸਮੇਤ ਲਗਾਤਾਰ ਫਾਰਮਾਕੋਲੋਜੀਕਲ ਖੋਜ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਖਿਲਾਫ ਸਾਡੀ ਲੜਾਈ ਲਈ ਲੋਕਾਂ ਵਿੱਚ ਕੋਵਿਡ-ਉਚਿਤ ਵਿਵਹਾਰ ਬਹੁਤ ਅਹਿਮ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਰਾਜਾਂ ਵਿੱਚ ਕੋਰੋਨਾ ਸਬੰਧੀ ਸਥਿਤੀਆਂ ਨੂੰ ਜਾਣਨ ਲਈ ਮੁੱਖ ਮੰਤਰੀਆਂ ਨਾਲ ਮੀਟਿੰਗ ਬੁਲਾਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਸ ਸਮੀਖਿਆ ਮੀਟਿੰਗ ਵਿੱਚ ਪੀਐਮਓ ਦੇ ਅਧਿਕਾਰੀਆਂ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ, ਕੈਬਨਿਟ ਸਕੱਤਰ ਰਾਜੀਵ ਗਾਬਾ, ਗ੍ਰਹਿ ਸਕੱਤਰ ਅਜੈ ਭੱਲਾ, ਸਿਹਤ ਸਕੱਤਰ ਰਾਜੇਸ਼ ਭੂਸ਼ਣ, ਆਈਸੀਐਮਆਰ ਦੇ ਡੀਜੀ ਅਤੇ ਹੋਰ ਕਈ ਅਧਿਕਾਰੀ ਮੌਜੂਦ ਸਨ।