ਕਰਤਾਰਪੁਰ ਕਾਰੀਡੋਰ ਫਿਰ ਤੋਂ ਦੋ ਦਿਲਾਂ ਨੂੰ ਮਿਲਾਉਣ ਦਾ ਜ਼ਰੀਆ ਬਣਿਆ ਹੈ। ਇਸ ਵਾਰ ਕਾਰੀਡੋਰ ਕਾਰਨ 74 ਸਾਲ ਤੋਂ ਬਾਅਦ ਦੋ ਵਿਛੜੇ ਭਰਾਵਾਂ ਦੀ ਮੁਲਾਕਾਤ ਹੋਈ ਹੈ। ਇਹ ਦੋਵੇਂ ਭਰਾ ਭਾਰਤ-ਪਾਕਿਸਤਾਨ ਵੰਡ ਕਾਰਨ ਇੱਕ-ਦੂਜੇ ਤੋਂ ਵੱਖ ਹੋ ਗਏ ਸਨ। ਦੋਵੇਂ ਭਰਾਵਾਂ ਦੀ ਪਛਾਣ ਮੁਹੰਮਦ ਸਿੱਦੀਕ ਤੇ ਭਾਰਤ ਵਿਚ ਰਹਿਣ ਵਾਲੇ ਉਸ ਦੇ ਭਰਾ ਹਬੀਬ ਉਰਫ ਸ਼ੇਲਾ ਵਜੋਂ ਹੋਈ ਹੈ।
80 ਸਾਲ ਦੇ ਮੁਹੰਮਦ ਸਿੱਦਿਕ ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ ਵਿਚ ਰਹਿੰਦੇ ਹਨ। ਉਹ ਵੰਡ ਸਮੇਂ ਆਪਣੇ ਪਰਿਵਾਰ ਤੋਂ ਵੱਖ ਹੋ ਗਏ ਸਨ। ਉਨ੍ਹਾਂ ਦੇ ਭਰਾ ਹਬੀਬ ਉਰਫ ਸ਼ੇਲਾ ਭਾਰਤ ਦੇ ਪੰਜਾਬ ਵਿਚ ਰਹਿੰਦੇ ਹਨ। ਕਰਤਾਰਪੁਰ ਕਾਰੀਡੋਰ ਵਿਚ ਇੰਨੇ ਲੰਮੇ ਸਮੇਂ ਬਾਅਦ ਇੱਕ-ਦੂਜੇ ਨੂੰ ਦੇਖ ਦੋਵਾਂ ਦੀਆਂ ਅੱਖਾਂ ਭਰ ਆਈਆਂ ਤੇ ਉਹ ਭਾਵੁਕ ਹੋ ਕੇ ਗਲੇ ਮਿਲੇ। ਇਨ੍ਹਾਂ ਦੋਵੇਂ ਭਰਾਵਾਂ ਦੇ ਮੁਲਾਕਾਤ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿਚ ਦੋਵੇਂ ਆਪਣੇ-ਆਪਣੇ ਰਿਸ਼ਤੇਦਾਰ ਨਾਲ ਕਰਤਾਰਪੁਰ ਕਾਰੀਡੋਰ ਵਿਚ ਦਿਖਾਈ ਦੇ ਰਹੇ ਹਨ। ਮੁਲਾਕਾਤ ਦੌਰਾਨ ਦੋਵੇਂ ਭਰਾ ਇੱਕ-ਦੂਜੇ ਨੂੰ ਭਾਵੁਕ ਹੋ ਕੇ ਗਲੇ ਲਗਾਉਂਦੇ ਨਜ਼ਰ ਆਏ। ਵੀਡੀਓ ਵਿਚ ਪਰਿਵਾਰ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਨ ਦੇ ਅਧਿਕਾਰੀ ਵੀ ਹਨ।
ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਕਰਤਾਰਪੁਰ ਕਾਰੀਡੋਰ ਵਿਚ ਦੋ ਵਿਛੜੇ ਦੋਸਤ 74 ਸਾਲ ਬਾਅਦ ਮਿਲ ਸਕੇ ਸਨ। ਭਾਰਤ ਦੇ ਸ. ਗੋਪਾਲ ਸਿੰਘ ਆਪਣੇ ਬਚਪਨ ਦੇ ਦੋਸਤ ਹੁਣ 91 ਸਾਲ ਦੇ ਮੁਹੰਮਦ ਬਸ਼ੀਰ ਤੋਂ1947 ਵਿਚ ਵੱਖ ਹੋ ਗਏ ਸਨ। ਇਸ ਸਮੇਂ ਸ. ਗੋਪਾਲ ਸਿੰਘ ਦੀ ਉਮਰ 94 ਸਾਲ ਹੈ ਜਦੋਂ ਕਿ ਮੁਹੰਮਦ ਬਸ਼ੀਰ 91 ਸਾਲ ਦੇ ਹੋ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਭਾਰਤ ਵਿਚ ਪੰਜਾਬ ਦੇ ਡੇਰਾ ਬਾਬਾ ਨਾਨਕ ਤੋਂ ਪਾਕਿ ਸਰਹੱਦ ਤੱਕ ਕਾਰੀਡੋਰ ਦਾ ਨਿਰਮਾਣ ਕੀਤਾ ਗਿਆ ਹੈ ਤੇ ਉਥੇ ਪਾਕਿਸਤਾਨ ਵੀ ਸਰਹੱਦ ਨਾਲ ਨਾਰੋਵਾਲ ਜ਼ਿਲ੍ਹੇ ਵਿਚ ਗੁਰਦੁਆਰੇ ਤੱਕ ਕਾਰੀਡੋਰ ਦਾ ਨਿਰਮਾਣ ਹੋਇਆ ਹੈ। ਇਸ ਨੂੰ ਕਰਤਾਰਪੁਰ ਸਾਹਿਬ ਕਾਰੀਡੋਰ ਕਿਹਾ ਗਿਆ ਹੈ। ਕਰਤਾਰਪੁਰ ਸਾਹਿਬ ਸਿੱਖਾਂ ਦਾ ਪਵਿੱਤਰ ਤੀਰਥ ਅਸਥਾਨ ਹੈ। ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿਚ ਸਥਿਤ ਹੈ। ਇਹ ਭਾਰਤ ਦੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ 3 ਤੋਂ 4 ਕਿਲੋਮੀਟਰ ਦੂਰ ਹੈ ਤੇ ਲਗਭਗ ਲਾਹੌਰ ਤੋਂ 120 ਕਿਲੋਮੀਟਰ ਦੂਰ ਹੈ।