ਔਰਤ ਸ਼ਕਤੀ ਦਾ ਰੂਪ ਹੈ ਤੇ ਅਜਿਹੀ ਹੀ ਇੱਕ ਮਿਸਾਲ ਮਹਾਰਾਸ਼ਟਰ ਦੇ ਪੁਣੇ ਵਿਖੇ ਦੇਖਣ ਨੂੰ ਮਿਲੀ ਜਿਥੇ ਔਰਤਾਂ ਤੇ ਬੱਚਿਆਂ ਨੂੰ ਲੈ ਜਾ ਰਹੀ ਇੱਕ ਮਿੰਨੀ ਬੱਸ ਦੇ ਡਰਾਈਵਰ ਨੂੰ ਅਚਾਨਕ ਦੌਰਾ ਪੈ ਗਿਆ ਤੇ ਉਹ ਡਰਾਈਵਿੰਗ ਸੀਟ ਉਤੇ ਡਿੱਗ ਗਿਆ। ਬੱਸ ਬੇਕਾਬੂ ਹੋ ਕੇ ਖਾਈ ਵਿਚ ਡਿੱਗਣ ਲੱਗੀ ਤਾਂ ਉਸ ਵਿਚ ਯਾਤਰਾ ਕਰ ਰਹੀ ਇੱਕ ਮਹਿਲਾ ਨੇ ਗਜ਼ਬ ਦੀ ਹਿੰਮਤ ਦਿਖਾ ਕੇ 24 ਯਾਤਰੀਆਂ ਦੀ ਜਾਨ ਬਚਾ ਲਈ। ਮਹਿਲਾ ਨੇ ਫੁਰਤੀ ਦਿਖਾਉਂਦਿਆਂ ਬੱਸ ਦੀ ਸਟੀਅਰਿੰਗ ਸੰਭਾਲੀ ਤੇ ਉਸ ਨੂੰ ਚਲਾਉਂਦੇ ਹੋਏ ਵੱਡੀ ਦੁਰਘਟਨਾ ਹੋਣ ਤੋਂ ਬਚਾ ਲਿਆ ਤੇ 10 ਕਿਲੋਮੀਟਰ ਤੱਕ ਬੱਸ ਚਲਾ ਕੇ ਡਰਾਈਵਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ।
ਘਟਨਾ 7 ਜਨਵਰੀ ਦੀ ਹੈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਹੈ। ਬਹਾਦੁਰੀ ਦਾ ਇਹ ਕਾਰਨਾਮਾ ਪੁਣੇ ਦੀ ਰਹਿਣ ਵਾਲੀ ਯੋਗਿਤਾ ਧਰਮਿਦਰ ਸਾਤਵ ਨੇ ਕੀਤਾ ਹੈ। 42 ਸਾਲਾ ਯੋਗਿਤਾ ਹੋਰ ਔਰਤਾਂ ਤੇ ਬੱਚਿਆਂ ਨਾਲ ਪੁਣੇ ਦੇ ਨੇੜੇ ਸ਼ਿਰੂਰ ਵਿਚ ਇੱਕ ਖੇਤੀਬਾੜੀ ਸੈਰ-ਸਪਾਟੇ ਵਾਲੀ ਥਾਂ ਉਤੇ ਪਿਕਨਿਕ ਮਨਾਉਣ ਤੋਂ ਬਾਅਦ ਬੱਸ ਤੋਂ ਵਾਪਸ ਪਰਤ ਰਹੀ ਸੀ। ਉਦੋਂ ਹੀ ਅਚਾਨਕ ਬੱਸ ਚਾਲਕ ਨੂੰ ਦੌਰਾ ਪੈਣ ਲੱਗਾ ਤਾਂ ਉਸ ਨੇ ਇੱਕ ਸੁੰਨਸਾਨ ਸੜਕ ਉਤੇ ਗੱਡੀ ਰੋਕ ਦਿੱਤੀ।
ਬੱਸ ਵਿਚ ਮੌਜੂਦ ਬੱਚਿਆਂ ਤੇ ਔਰਤਾਂ ਨੂੰ ਘਬਰਾਇਆ ਹੋਇਆ ਦੇਖ ਯੋਗਿਤਾ ਸਾਟਵ ਨੇ ਬੱਸ ਚਲਾਈ ਤੇ ਲਗਭਗ 10 ਕਿਲੋਮੀਟਰ ਤੱਕ ਬੱਸ ਚਲਾ ਕੇ ਡਰਾਈਵਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ। ਯੋਗਿਤਾ ਨੇ ਦੱਸਿਆ ਕਿ ਕਿਉਂਕਿ ਮੈਨੂੰ ਕਾਰ ਚਲਾਉਣਾ ਆਉਂਦਾ ਹੈ, ਇਸ ਲਈ ਮੈਂ ਬੱਸ ਚਲਾਉਣ ਦਾ ਫੈਸਲਾ ਲਿਆ। ਉਸ ਨੇ ਕਿਹਾ ਕਿ ਸਭ ਤੋਂ ਅਹਿਮ ਬੱਸ ਚਾਲਕ ਦਾ ਇਲਾਜ ਸੀ,ਇਸ ਲਈ ਮੈਂ ਉਸ ਨੂੰ ਹਸਪਤਾਲ ਲੈ ਕੇ ਗਈ ਤੇ ਉਸ ਨੂੰ ਉਥੇ ਭਰਤੀ ਕਰਵਾਇਆ। ਇਸ ਤੋਂ ਬਾਅਦ ਯੋਗਿਤਾ ਨੇ ਦੂਜੇ ਯਾਤਰੀਆਂ ਨੂੰ ਉਨ੍ਹਾੰ ਦੇ ਘਰ ਛੱਡਿਆ। ਔਖੇ ਸਮੇਂ ਬਿਨਾਂ ਘਬਰਾਏ ਸੂਝਬੂਝ ਨਾਲ ਕੰਮ ਲੈਣ ਲਈ ਲੋਕ ਯੋਗਿਤਾ ਦੀ ਕਾਫੀ ਸ਼ਲਾਘਾ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
Maggi Pancake | Easy Breakfast Recipe | Quick And Easy Recipe |
ਵਘੋਲੀ ਪਿੰਡ ਦੀ ਸਾਬਕਾ ਸਰਪੰਚ ਜੈਸ਼੍ਰੀ ਸਾਤਵ ਪਾਟਿਲ ਨੇ ਆਪਣੇ ਸਹਿਯੋਗੀ ਤੇ ਪਿਕਨਿਕ ਦੀ ਆਯੋਜਕ ਆਸ਼ਾ ਵਾਘਮਾਰੇ ਨਾਲ ਯੋਗਿਤਾ ਸਾਤਵ ਦੇ ਘਰ ਜਾ ਕੇ ਉਸ ਦਾ ਸਨਮਾਨ ਕੀਤਾ। ਜੈਸ਼੍ਰੀ ਸਾਤਵ ਨੇ ਕਿਹਾ ਕਿ ਫੋਰ ਵ੍ਹੀਲਰ ਤਾਂ ਬਹੁਤ ਸਾਰੀਆਂ ਔਰਤਾਂ ਚਲਾਉਂਦੀਆਂ ਹਨ ਪਰ ਨਾਜ਼ੁਕ ਹਾਲਾਤ ਵਿਚ ਬੱਸ ਚਲਾਉਣ ਦਾ ਜੋ ਕੰਮ ਵਘੋਲੀ ਦੀ ਯੋਗਿਤਾ ਸਾਤਵ ਨੇ ਕੀਤਾ ਹੈ, ਉਹ ਸੱਚਮੁੱਚ ਹਿੰਮਤ ਦਾ ਕੰਮ ਹੈ।