ਪੰਜਾਬ ਕਾਂਗਰਸ ਵੱਲੋਂ ਅੱਜ ਵਿਧਾਨ ਸਭਾ ਚੋਣਾਂ 2022 ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਕਾਂਗਰਸ ਪਾਰਟੀ ਵੱਲੋਂ 86 ਉਮੀਦਵਾਰ ਐਲਾਨੇ ਗਏ ਹਨ। ਅਜਿਹੇ ਵਿਚ ਪੰਜਾਬ ਕਾਂਗਰਸ ਨੇ ਕੈਪਟਨ ਖਿਲਾਫ ਆਪਣਾ ਮਾਸਟਰ ਸਟ੍ਰੋਕ ਖੋਲ੍ਹ ਦਿੱਤਾ ਹੈ। ਕੈਪਟਨ ਦੇ ਸਾਰੇ ਕਰੀਬੀਆਂ ਨੂੰ ਟਿਕਟ ਦੇ ਦਿੱਤੀ ਗਈ ਹੈ ਤੇ ਜ਼ਿਆਦਾਤਰ ਵਿਧਾਇਕਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ।
ਪਰ ਹੁਣ ਸਵਾਲ ਇਹ ਹੈ ਕਿ ਕੈਪਟਨ ਜੋ ਕਿ ਦਾਅਵਾ ਕਰ ਰਹੇ ਸਨ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਕਈ ਦਿੱਗਜ਼ ਉਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਹੋਣੇ, ਕੀ ਕਰਨਗੇ। ਸਾਰਿਆਂ ਦੀ ਨਜ਼ਰ ਕਾਂਗਰਸ ਦੀ ਟਿਕਟ ਵੰਡ ‘ਤੇ ਸੀ। ਕਾਂਗਰਸ ਨੇ ਕੈਪਟਨ ਦੇ ਕਰੀਬੀ ਰਹੇ ਵਿਧਾਇਕ ਗੁਰਪ੍ਰੀਤ ਕਾਂਗੜ ਤੇ ਸਾਧੂ ਸਿੰਘ ਧਰਮਸੋਤ ਨੂੰ ਟਿਕਟ ਦਿੱਤੀ ਹੈ। ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਤੋਂ ਬਾਅਦ ਕਾਂਗਰਸ ਨੇ ਇਨ੍ਹਾਂ ਦੀ ਮੰਤਰੀ ਅਹੁਦੇ ਤੋਂ ਛੁੱਟੀ ਕਰ ਦਿੱਤੀ ਸੀ।
ਵਿਧਾਇਕ ਬਲਬੀਰ ਸਿੱਧੂ ਤੇ ਸੁੰਦਰ ਸ਼ਾਮ ਅਰੋੜਾ ਨੂੰ ਲੈ ਕੇ ਵੀ ਇਹੀ ਮੁੱਦਾ ਸੀ ਕਿ ਉਹ ਕੈਪਟਨ ਦੇ ਕਰੀਬੀ ਰਹੇ। ਸਭ ਤੋਂ ਅਹਿਮ ਲੁਧਿਆਣਾ ਦੇ ਦਾਖਾ ਤੋਂ ਕੈਪਟਨ ਸੰਦੀਪ ਸੰਧੂ ਦਾ ਨਾਂ ਹੈ, ਜੋ ਕੈਪਟਨ ਦੇ ਸਭ ਤੋਂ ਕਰੀਬੀਆਂ ਵਿਚੋਂ ਇੱਕ ਸਨ। ਉਨ੍ਹਾਂ ਨੂੰ ਵੀ ਕਾਂਗਰਸ ਨੇ ਟਿਕਟ ਦੇ ਦਿੱਤੀ। ਤੇਜ਼ਤਰਾਰ ਨੇਤਾ ਸੁਖਪਾਲ ਖਹਿਰਾ ਨੂੰ ਜੇਲ੍ਹ ਵਿਚ ਹੋਣ ਦੇ ਬਾਵਜੂਦ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ। ਖਹਿਰਾ ਕੈਪਟਨ ਦੀ ਅਗਵਾਈ ਵਿਚ ਕਾਂਗਰਸ ਵਿਚ ਸ਼ਾਮਲ ਹੋਏ ਸਨ। ਇਹ ਤਾਂ ਹੁਣ ਸਪੱਸ਼ਟ ਹੈ ਕਿ ਕਾਂਗਰਸ ਤੋਂ ਜਿਹੜੇ ਵਿਧਾਇਕਾਂ ਨੇ ਪਾਰਟੀ ਛੱਡੀ, ਉਹ ਅਮਰਿੰਦਰ ਨਾਲ ਨਹੀਂ ਜਾ ਰਹੇ। ਇਨ੍ਹਾਂ ਵਿਚ ਕਾਦੀਆਂ ਤੋਂ ਫਤਿਹਜੰਗ ਬਾਜਵਾ, ਗੁਰੂਹਰਸਹਾਏ ਤੋਂ ਰਾਣਾ ਗੁਰਮੀਤ ਸੋਢੀ ਤੇ ਮੋਗਾ ਤੋਂ ਹਰਜੋਤ ਕਮਲ ਨੇ ਕਾਂਗਰਸ ਛੱਡੀ ਪਰ ਭਾਜਪਾ ਵਿਚ ਸ਼ਾਮਲ ਹੋ ਗਏ। ਇਹ ਕੈਪਟਨ ਦੀ ਰਣਨੀਤੀ ਹੈ ਜਾਂ ਫਿਰ ਇਨ੍ਹਾਂ ਵਿਧਾਇਕਾਂ ਦੀ ਭਵਿੱਖ ਦੀ ਚਿੰਤਾ, ਇਸ ਨੂੰ ਲੈ ਕੇ ਸਿਆਸੀ ਚਰਚਾਵਾਂ ਜਾਰੀ ਹਨ।
ਵੀਡੀਓ ਲਈ ਕਲਿੱਕ ਕਰੋ -:
Maggi Pancake | Easy Breakfast Recipe | Quick And Easy Recipe |
ਗੌਰਤਲਬ ਹੈ ਕਿ ਕੈਪਟਨ ਅਮਰਿੰਦਰ ਦਾ ਪੰਜਾਬ ਵਿਚ ਇਕਲੌਤਾ ਮਿਸ਼ਨ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰਨਾ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੇ ਪੰਜਾਬ ਲੋਕ ਕਾਂਗਰਸ ਦੇ ਨਾਂ ਤੋਂ ਵੱਖਰੀ ਪਾਰਟੀ ਬਣਾਈ। ਭਾਜਪਾ ਨਾਲ ਚੋਣ ਗਠਜੋੜ ਕਰ ਲਿਆ। ਹਾਲਾਂਕਿ ਕੈਪਟਨ ਆਪਣੀ ਪਾਰਟੀ ਨੂੰ ਮਜ਼ਬੂਤ ਕਰਦੇ ਨਜ਼ਰ ਨਹੀਂ ਆ ਰਹੇ ਹਨ। ਕੋਈ ਦਿੱਗਜ਼ ਚਿਹਰਾ ਹੁਣ ਤੱਕ ਉਨ੍ਹਾਂ ਦੀ ਪਾਰਟੀ ਨਾਲ ਜੁੜਦਾ ਨਜ਼ਰ ਨਹੀਂ ਆਇਆ ਹੈ।