ਪੂਰੇ ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਅੱਜ 24 ਘੰਟਿਆਂ ਦੌਰਾਨ ਸੂਬੇ ਵਿੱਚ ਕੋਰੋਨਾ ਦੇ 7396 ਨਵੇਂ ਮਰੀਜ਼ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਵਧ ਕੇ 41250 ਹੋ ਗਈ ਹੈ, ਉਥੇ ਹੀ 13 ਲੋਕਾਂ ਨੇ ਇਸ ਨਾਮੁਰਾਦ ਬੀਮਾਰੀ ਕਰਕੇ ਦਮ ਤੋੜਿਆ।
ਦੱਸਣਯੋਗ ਹੈ ਕਿ ਸੂਬੇ ਵਿੱਚ ਸਭ ਤੋਂ ਮਾਮਲੇ ਮੋਹਾਲੀ ਜ਼ਿਲ੍ਹੇ ਤੋਂ ਸਾਹਮਣੇ ਆਏ ਹਨ, ਜਿਥੇ 1832 ਲੋਕਾਂ ਦੀ ਰਿਪੋਰਟ ਪੌਜ਼ੀਟਿਵ ਪਾਈ ਗਈ। ਦੂਜੇ ਨੰਬਰ ‘ਤੇ ਲੁਧਿਆਣਾ ਜ਼ਿਲ੍ਹੇ ਵਿੱਚ 1144 ਨਵੇਂ ਮਰੀਜ਼ ਮਿਲੇ। ਅੰਮ੍ਰਿਤਸਰ ਤੇ ਜਲੰਧਰ ਵਿੱਚ ਵੀ ਵੱਡੀ ਗਿਣਤੀ ਵਿੱਚ ਮਰੀਜ਼ ਸਾਹਮਣੇ ਆ ਰਹੇ ਹਨ, ਜਿਥੇ ਲੜੀਵਾਰ 963 ਤੇ 570 ਨਵੇਂ ਕੇਸ ਮਿਲੇ ਹਨ।
ਸੂਬੇ ਵਿੱਚ ਇਸ ਵੇਲੇ 163 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ ਅਤੇ 33 ਦੀ ਹਾਲਤ ਗੰਭੀਰ ਹੋਣ ਕਰਕੇ ਵੈਂਟੀਲੇਟਰ ‘ਤੇ ਰਖਿਆ ਗਿਆ ਹੈ। ਹੁਣ ਤੱਕ ਇਹ ਮਹਾਮਾਰੀ ਸੂਬੇ ਵਿੱਚ 16769 ਲੋਕਾਂ ਦੀ ਜਾਨ ਲੈ ਚੁੱਕੀ ਹੈ। ਬੀਤੇ ਦਿਨ ਕੋਰੋਨਾ ਦੇ 6883 ਮਾਮਲੇ ਸਾਹਮਣੇ ਆਏ ਸਨ ਤੇ ਅੱਜ ਦੇ ਕੇਸਾਂ ਵਿੱਚ ਕੱਲ੍ਹ ਨਾਲੋਂ ਵਾਧਾ ਵੇਖਿਆ ਗਿਆ।
ਸੂਬਾ ਸਰਕਾਰ ਵੱਲੋਂ ਕੋਰੋਨਾ ਦੀ ਰਫਤਾਰ ਨੂੰ ਦੇਖਦੇ ਹੋਏ ਰਾਤ ਦਾ ਕਰਫਿਊ ਵੀ 25 ਜਨਵਰੀ ਤੱਕ ਅੱਗੇ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਪੰਜਾਬ ਦਾ ਪਾਜ਼ੀਟਿਵਿਟੀ ਰੇਟ 10.46 ਫੀਸਦੀ ਹੋ ਚੁੱਕਾ ਹੈ ਮਤਲਬ ਹਰ 5ਵਾਂ ਵਿਅਕਤੀ ਕੋਰੋਨਾ ਪਾਜ਼ੀਟਿਵ ਮਿਲ ਰਿਹਾ ਹੈ।