ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਖਿਲਾਫ ED ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਮੰਗਲਵਾਰ ਨੂੰ ਰੇਤ ਦੀ ਨਾਜਾਇਜ਼ ਮਾਈਨਿੰਗ ਮਾਮਲੇ ‘ਚ ਮੁੱਖ ਮੰਤਰੀ ਚੰਨੀ ਦੇ ਭਤੀਜੇ ਦੇ ਟਿਕਾਣਿਆਂ ‘ਤੇ ਛਾਪਾ ਮਾਰਿਆ। ਇਸ ਤੋਂ ਬਾਅਦ ਪੰਜਾਬ ਕਾਂਗਰਸ ਦੀ ਮੀਡੀਆ ਇੰਚਾਰਜ ਅਲਕਾ ਲਾਂਬਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸਵੇਰ ਤੋਂ ਹੀ ਵੱਖ-ਵੱਖ ਚੈਨਲਾਂ ਉਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਦੇ ਘਰ ਈ. ਡੀ. ਦੇ ਛਾਪੇ ਬਾਰੇ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਰੇਡ ਦੀ ਪੁਸ਼ਟੀ ਨਹੀਂ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ-ਜਦੋਂ ਚੋਣਾਂ ਆਉਂਦੀਆਂ ਹਨ, ਉਦੋਂ-ਉਦੋਂ ਭਾਜਪਾ ਆਪਣੀ ਹਾਰ ਦੀ ਬੌਖਲਾਹਟ ਨਾਲ ਆਪਣੀ ਵਿਰੋਧੀ ਪਾਰਟੀਆਂ ਉਤੇ ਈ. ਡੀ., ਸੀ. ਬੀ. ਆਈ. ਤੇ ਆਈ. ਟੀ. ਆਦਿ ਦੀ ਵਰਤੋਂ ਚੁਣਾਵੀ ਹਥਿਆਰ ਬਣਾ ਕੇ ਕਰਦੀ ਰਹੀ ਹੈ।
ਲਾਂਬਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਤਾਮਿਲਨਾਡੂ, ਪੱਛਮੀ ਬੰਗਾਲ ਤੇ ਮਹਾਰਾਸ਼ਟਰ ਵਿਚ ਚੋਣਾਂ ਦੌਰਾਨ ਭਾਜਪਾ ਵੱਲੋਂ ਈ. ਡੀ., ਤੇ ਸੀ. ਬੀ. ਆਈ. ਨੂੰ ਚੁਣਾਵੀ ਹਥਿਆਰ ਬਣਾ ਕੇ ਇਸਤੇਮਾਲ ਕੀਤਾ ਗਿਆ। ਸਾਨੂੰ ਪੂਰਾ ਭਰੋਸਾ ਹੈ ਕਿ ਪੰਜਾਬ ਵਿਚ ਵੀ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਜੋ ਈ. ਡੀ. ਦੀ ਰੇਡ ਪਈ ਹੈ, ਉਹ ਭਾਜਪਾ ਦੀ ਸਰਕਾਰ ਦੀ ਹਾਰ ਦੀ ਬੌਖਲਾਹਟ ਹੈ। ਪਹਿਲਾਂ ਵੀ ਚੰਨੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ 111 ਦਿਨਾਂ ਦੌਰਾਨ ਲੋਕਾਂ ਵਿਚ ਵਧਦੀ ਲੋਕਪ੍ਰਿਯਤਾ ਭਾਜਪਾ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ ਤੇ ਉਸ ਵੱਲੋਂ ਗਲਤ ਹੱਥਕੰਡਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਚੋਣਾਂ ਤੋਂ ਸਿਰਫ਼ 2 ਦਿਨ ਪਹਿਲਾਂ DMK ਮੁਖੀ M.K. ਸਟਾਲਿਨ ਦੀ ਧੀ ‘ਤੇ IT ਛਾਪਾ, ਚੋਣਾਂ ਤੋਂ ਇਕ ਮਹੀਨਾ ਪਹਿਲਾਂ ਅਭਿਸ਼ੇਕ ਬੈਨਰਜੀ ‘ਤੇ ਸੀ.ਬੀ.ਆਈ ਦਾ ਛਾਪਾ, ਚੋਣਾਂ ਤੋਂ ਪਹਿਲਾਂ NCP ਮੁਖੀ ਸ਼ਰਦ ਪਵਾਰ ‘ਤੇ ED ਦਾ ਛਾਪਾ, ਇਹ ਸਭ ਕੁਝ ਭਾਜਪਾ ਦੀ ਸਾਜ਼ਿਸ਼ ਦਾ ਹਿੱਸਾ ਹੈ।
ਵੀਡੀਓ ਲਈ ਕਲਿੱਕ ਕਰੋ -:
Mix Vegetables Recipe | Mix Veg Restaurant Style Mix Veg | Shorts Video
ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਅਸੀਂ ਭਾਜਪਾ ਨੂੰ ਉਸ ਦੀ ਇਸ ਸਾਜ਼ਿਸ਼ ਦਾ ਵਿਚ ਫੇਲ ਕਰ ਦੇਵਾਂਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਕੋਸ਼ਿਸ਼ ਕੀਤੀ ਗਈ ਜਦੋਂ ਉਹ ਫਿਰੋਜ਼ਪੁਰ ਰੈਲੀ ਤੋਂ ਪਰਤਦੇ ਸਮੇਂ ਇਹ ਕਹਿ ਕੇ ਗਏ ਸਨ ਕਿ ਮੈਂ ਪੰਜਾਬ ਤੋਂ ਜ਼ਿੰਦਾ ਵਾਪਸ ਪਰਤ ਰਿਹਾ ਹਾਂ। ਅਸਮ ਦੇ ਮੁੱਖ ਮੰਤਰੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਣਾ ਚਾਹੀਦਾ ਹੈ। ਇਹ ਬੌਖਲਾਹਟ ਨਹੀਂ ਤਾਂ ਕੀ ਹੈ? ਕਿ ਪੂਰੀ ਦੀ ਪੂਰੀ ਭਾਜਪਾ ਪੰਜਾਬ ਦੀ ਸਰਕਾਰ ਤੇ ਚਰਨਜੀਤ ਸਿੰਘ ਚੰਨੀ ਦੇ ਪਿੱਛੇ ਪੈ ਚੁੱਕੀ ਹੈ ਪਰ ਪੰਜਾਬ ਦੀ ਜਨਤਾ ਕਾਂਗਰਸ ਦੇ ਨਾਲ ਖੜ੍ਹੀ ਹੈ ਤੇ ਅਸੀਂ ਇਸ ਚੁਣਾਵੀ ਲੜਾਈ ਵਿਚ ਲੜਾਂਗੇ, ਜਿੱਤਾਂਗੇ ਤੇ ਪੂਰਨ ਬਹੁਮਤ ਨਾਲ ਵਾਪਸੀ ਕਰਕੇ ਸਥਿਰ ਸਰਕਾਰ ਬਣਾਵਾਂਗੇ। ਭਾਜਪਾ ਦੇ ਇਨ੍ਹਾਂ ਹੱਥਕੰਡਿਆਂ ਨਾਲ ਕਾਂਗਰਸ ਨਾ ਡਰਨ ਵਾਲੀ ਹੈ ਤੇ ਨਾ ਹੀ ਪਿੱਛੇ ਹਟਣ ਵਾਲੀ ਹੈ।