ਈ. ਡੀ. ਦੀਆਂ ਟੀਮਾਂ ਵੱਲੋਂ ਰੇਤ ਦੀ ਨਾਜਾਇਜ਼ ਮਾਇਨਿੰਗ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ਟਿਕਾਣਿਆਂ ‘ਤੇ ਛਾਪੇਮਾਰੀ ਦੌਰਾਨ ਵਿਭਾਗ ਵਲੋਂ ਕਈ ਅਹਿਮ ਸੁਰਾਗ ਮਿਲਣ ਤੋਂ ਇਲਾਵਾ 6 ਕਰੋੜ ਰੁਪਏ ਨਕਦੀ ਬਰਾਮਦ ਕੀਤੀ ਗਈ ਹੈ । ਈ. ਡੀ. ਵੱਲੋਂ ਸਵੇਰੇ 8 ਵਜੇ ਤੋਂ ਛਾਪੇਮਾਰੀ ਚੱਲ ਰਹੀ ਸੀ।
ਛਾਪੇਮਾਰੀ ਦੌਰਾਨ ਈ.ਡੀ. ਨੇ ਮੁੱਖ ਮੰਤਰੀ ਦੇ ਕਰੀਬੀ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਟਿਕਾਣੇ ਤੋਂ 4 ਕਰੋੜ ਰੁਪਏ ਭਾਰਤੀ ਕਰੰਸੀ ਅਤੇ ਇਕ ਹੋਰ ਸਾਥੀ ਸੰਦੀਪ ਕੁਮਾਰ ਦੇ ਟਿਕਾਣੇ ਤੋਂ 2 ਕਰੋੜ ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਕਈ ਸ਼ੱਕੀ ਲੈਣ-ਦੇਣ ਵਾਲੇ ਜਾਅਲੀ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ ਤੇ ਉਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਗਿਆ ਹੈ। FIR ਵਿਚ ਮਾਈਨਿੰਗ ਵਿਭਾਗ, ਪੁਲਿਸ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਦੀ ਟੀਮ ਨੇ 7 ਮਾਰਚ 2018 ਨੂੰ ਪੁਲਿਸ ਸਟੇਸ਼ਨ ਰਾਹੋਂ ਐੱਸ. ਬੀ. ਐੱਫ. ਨਗਰ ਵਿਖੇ ਮਿਲੀ ਸ਼ਿਕਾਇਤ ਦੇ ਆਧਾਰ ਉਤੇ ਅਚਨਚੇਤ ਚੈਕਿੰਗ ਕੀਤੀ, ਜਿਸ ਦੌਰਾਨ ਉਨ੍ਹਾਂ ਨੂੰ ਵੱਡੀ ਮਾਤਰਾ ਵਿਚ ਨਕਦੀ ਤੇ ਦਸਤਾਵੇਜ਼ ਬਰਾਮਦ ਹੋਏ ਹਨ।
ਗੌਰਤਲਬ ਹੈ ਕਿ ਪੰਜਾਬ ਪੁਲਿਸ ਨੇ 2018 ਵਿੱਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਕੇਸ ਦਰਜ ਕੀਤਾ ਸੀ। ਜਿਸ ਵਿੱਚ ਬਾਕੀ ਧਾਰਾਵਾਂ ਦੇ ਨਾਲ 420 ਦੀ ਧਾਰਾ ਵੀ ਲੱਗੀ ਸੀ। ਇਸ ਦੇ ਆਧਾਰ ‘ਤੇ ਈਡੀ ਨੇ ਮਾਮਲੇ ਨੂੰ ਟੇਕਓਵਰ ਕਰ ਲਿਆ ਸੀ। ਪਹਿਲਾਂ ਇਸ ਵਿੱਚ ਕੁਦਰਤਜੀਤ ਨਾਮ ਦੇ ਮੁਲਜ਼ਮ ਦਾ ਨਾਂ ਸਾਹਮਣੇ ਆਇਆ ਸੀ।
ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਇਸ ਦਾ ਮੁੱਖ ਸੂਤਰਧਾਰ ਭੁਪਿੰਦਰ ਹਨੀ ਹੈ। ਇਸ ਤੋਂ ਬਾਅਦ ਈਡੀ ਭੁਪਿੰਦਰ ਹਨੀ ਤੱਕ ਪਹੁੰਚੀ, ਜੋ ਮੁਹਾਲੀ ਦੇ ਸੈਕਟਰ 70 ਦੀ ਹੋਮਲੈਂਡ ਸੁਸਾਇਟੀ ਵਿੱਚ ਰਹਿੰਦਾ ਹੈ।