ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਦਾ ਤੀਜਾ ਪੜਾਅ ਸ਼ੁਰੂ ਹੋ ਗਿਆ ਹੈ ਅਤੇ ਮਈ ਤੱਕ ਇਸ ਦੇ ਪੂਰਾ ਹੋਣ ਦੀ ਸੰਭਾਵਨਾ ਹੈ। ਮੰਦਰ ਟਰੱਸਟ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਟਰੱਸਟ ਨੇ ਇਕ ਬਿਆਨ ‘ਚ ਕਿਹਾ, ‘ਮੰਦਰ ਦਾ ਨਿਰਮਾਣ ਕਾਰਜ ਯੋਜਨਾ ਦੇ ਮੁਤਾਬਕ ਚੱਲ ਰਿਹਾ ਹੈ ਅਤੇ ਦਸੰਬਰ 2023 ਤੱਕ ਸ਼ਰਧਾਲੂਆਂ ਨੂੰ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ।’ ਮੰਦਰ ਦੇ ਨਿਰਮਾਣ ਕਾਰਜ ਦੇ ਪਹਿਲੇ ਦੋ ਪੜਾਵਾਂ ‘ਚ ਨੀਂਹ ਆਦਿ ਤਿਆਰ ਕੀਤੇ ਗਏ ਸਨ। ਟਰੱਸਟ ਨੇ ਦੱਸਿਆ ਕਿ ਤੀਜਾ ਪੜਾਅ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਪਲਿੰਥ ਦੀ ਉਸਾਰੀ ਵੀ ਸ਼ਾਮਲ ਹੈ।
ਬਿਆਨ ਮੁਤਾਬਕ ਮੰਦਰ ਦੀ ਮਜ਼ਬੂਤੀ ਨੂੰ ਧਿਆਨ ‘ਚ ਰੱਖਦੇ ਹੋਏ ਦੱਖਣੀ ਭਾਰਤ ਦੇ ਸਭ ਤੋਂ ਮਜ਼ਬੂਤ ਕੁਦਰਤੀ ਗ੍ਰੇਨਾਈਟ ਪੱਥਰ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਗ੍ਰੇਨਾਈਟ ਪੱਥਰ ਨਾਲ ‘ਪਲਿੰਥ’ ਦੀ ਉਸਾਰੀ ਦਾ ਕੰਮ 24 ਜਨਵਰੀ ਨੂੰ ਸ਼ੁਰੂ ਹੋਇਆ ਸੀ। ਇਸ ਤਰ੍ਹਾਂ ਤੀਜੇ ਪੜਾਅ ਦੀ ਉਸਾਰੀ ਦਾ ਕੰਮ ਰਸਮੀ ਤੌਰ ’ਤੇ ਸ਼ੁਰੂ ਹੋ ਗਿਆ ਹੈ।
ਮੰਦਿਰ ਦਾ ਮੁੱਖ ਢਾਂਚਾ ਪਲੇਟਫਾਰਮ ‘ਤੇ ਬਣਾਇਆ ਜਾਵੇਗਾ ਜੋ ਮੰਦਰ ਦੀ ਉਸਾਰੀ ਲਈ ਆਧਾਰ ਵਜੋਂ ਕੰਮ ਕਰੇਗਾ। ਪਲਿੰਥ ਦੀ ਉਸਾਰੀ ਵਿੱਚ 5 ਫੁੱਟ, 2.5 ਫੁੱਟ ਅਤੇ 3 ਫੁੱਟ ਆਕਾਰ ਦੇ ਲਗਭਗ 17,000 ਗ੍ਰੇਨਾਈਟ ਪੱਥਰਾਂ ਦੀ ਵਰਤੋਂ ਕੀਤੀ ਜਾਵੇਗੀ। ਅਜਿਹੇ ਹਰੇਕ ਪੱਥਰ ਦਾ ਭਾਰ ਲਗਭਗ 2.50 ਟਨ ਹੈ। ਗ੍ਰੇਨਾਈਟ ਪੱਥਰ ਲਗਾਉਣ ਦਾ ਕੰਮ ਮਈ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: