ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਨ੍ਹਾਂ ਬਦਲਾਖੋਰੀ ਦੀ ਰਾਜਨੀਤੀ ਕੀਤੀ ਹੈ, ਲੋਕ ਉਹਨਾਂ ਨੂੰ ਸਬਕ ਸਿਖਾਉਣਗੇ ਤੇ ਉਹਨਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ’ਤੇ ਅੰਮ੍ਰਿਤਸਰ ਪੂਰਬੀ ਦੇ ਲੋਕਾਂ ਨਾਲ ਧੋਖਾ ਕਰਨ ਅਤੇ ਪਿਛਲੇ 18 ਸਾਲਾਂ ਤੋਂ ਹਲਕੇ ਦੀ ਭਲਾਈ ਵਾਸਤੇ ਕੱਖ ਨਾ ਕਰਨ ਦਾ ਦੋਸ਼ ਲਗਾਇਆ। ਇਸ ਤੋਂ ਪਹਿਲਾਂ ਉਹਨਾਂ ਮਜੀਠਾ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਸਨ।
ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਜਿਸ ਨੇ ਲੋਕਾਂ ਨਾਲ ਧੋਖਾ ਤੇ ਦਗ਼ਾ ਕੀਤਾ, ਲੋਕ ਉਸਦੀ ਕਿਸਮਤ ਦਾ ਫੈਸਲਾ ਆਪ ਕਰਨਗੇ। ਉਹਨਾਂ ਕਿਹਾ ਕਿ ਸਿੱਧੂ ਜੋੜੇ ਨੇ ਤਕਰੀਬਨ ਦੋ ਦਹਾਕਿਆਂ ਵਿਚ ਅੰਮ੍ਰਿਤਸਰ ਪੂਰਬੀ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਨਹੀਂ ਕੀਤੀਆਂ।
ਉਹਨਾਂ ਕਿਹਾ ਕਿ ਸੜਕਾਂ, ਸੀਵਰੇਜ ਤੇ ਪੀਣ ਵਾਲਾ ਸਾਫ-ਸੁਥਰਾ ਪਾਣੀ ਹਾਲੇ ਤੱਕ ਲੋਕਾਂ ਨੂੰ ਨਹੀਂ ਮਿਲ ਰਿਹਾ। ਨਵਜੋਤ ਸਿੱਧੂ ਕਿਸੇ ਨਾ ਕਿਸੇ ਰੂਪ ਵਿਚ 18 ਸਾਲਾਂ ਤੋਂ ਇਸ ਹਲਕੇ ਦੀ ਪ੍ਰਤੀਨਿਧਤਾ ਕਰਦੇ ਆ ਰਹੇ ਹਨ। ਉਨ੍ਹਾਂ ਨੇ ਇਸ ਹਲਕੇ ਲਈ ਕੱਖ ਨਹੀਂ ਕੀਤਾ। ਹੁਣ ਲੋਕ ਉਹਨਾਂ ਦਾ ਰਿਪੋਰਟ ਕਾਰਡ ਪੁੱਛਣਗੇ।
ਮਜੀਠੀਆ ਨੇ ਅੱਗੇ ਕਿਹਾ ਕਿ ਉਹ ਕਾਲਪਨਿਕ ਪੰਜਾਬ ਮਾਡਲ ਨਾਲ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦਾ। ਉਨ੍ਹਾਂ ਨੂੰ ਅੰਮ੍ਰਿਤਸਰ ਪੂਰਬੀ ਦੇ ਲੋਕਾਂ ਨੂੰ ਦੱਸਣਾ ਪਏਗਾ ਕਿ ਉਹ ਇਕ ਪ੍ਰਤੀਨਿਧ ਵਜੋਂ ਫੇਲ੍ਹ ਕਿਉਂ ਹੋਏ।
ਇਸ ਤੋਂ ਪਹਿਲਾਂ ਮਜੀਠਾ ਵਿਖੇ ਅਕਾਲੀ ਆਗੂ ਨੇ ਕਿਹਾ ਕਿ ਉਹ ਆਪ ਤੇ ਕਾਂਗਰਸ ਵੱਲੋਂ ਖੜ੍ਹੇ ਕੀਤੇ ਦੋ ਭਰਾਵਾਂ ਦੇ ਖਿਲਾਫ ਚੋਣ ਲੜ ਰਹੇ ਹਨ। ਵੱਡਾ ਭਰਾ ਲਾਲੀ ਮਜੀਠੀਆ ਪਹਿਲਾਂ ਕਾਂਗਰਸ ਵਿਚ ਸੀ ਤੇ ਹੁਣ ‘ਆਪ’ ਵਿਚ ਚਲਾ ਗਿਆ। ਕਾਂਗਰਸ ਵਿਚ ਉਸਦੀ ਥਾਂ ਉਸਦੇ ਛੋਟੇ ਭਰਾ ਨੇ ਲੈ ਲਈ ਹੈ। ਦੋਵੇਂ ਭਰਾ ਭ੍ਰਿਸ਼ਟਾਚਾਰ ਦੀ ਲੁੱਟ ਤੋਂ ਆਪਸ ਵਿਚ ਲੜ ਪਏ ਹਨ। ਪਰ ਉਹਨਾਂ ਦੀ ਲਾਲਸਾ ਤੇ ਮੌਕਾਪ੍ਰਸਤੀ ਨੇ ਦੋਵਾਂ ਨੂੰ ਬੇਨਕਾਬ ਕਰ ਦਿੱਤਾ ਹੈ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਆਪ ਕਾਂਗਰਸ ਪਾਰਟੀ ਦੀ ਬੀ ਟੀਮ ਹੈ।
ਸਰਦਾਰ ਮਜੀਠੀਆ ਨੇ ਇਹ ਵੀ ਦੱਸਿਆ ਕਿ ਕਾਂਗਰਸ ਸਰਕਾਰ ਨੇ ਕਿਵੇਂ ਉਹਨਾਂ ਨੂੰ ਵਿਧਾਨ ਸਭਾ ਚੋਣਾਂ ਲੜਨ ਤੋਂ ਰੋਕਣ ਲਈ ਪੂਰੀ ਵਾਹ ਲਗਾਈ। ਉਹਨਾਂ ਕਿਹਾ ਕਿ ਐਨਡੀਪੀਐਸ ਐਕਟ ਦੀ ਧਾਰਾ 37 ਦੀ ਦੁਰਵਰਤੋਂ ਜਾਣ ਬੁੱਝ ਕੇ ਉਹਨਾਂ ਦੇ ਖਿਲਾਫ ਕੀਤੀ ਗਈ ਤਾਂ ਜੋ ਉਹਨਾਂ ਨੂੰ ਅਗਾਊਂ ਜ਼ਮਾਨਤ ਨਾ ਮਿਲ ਸਕੇ, ਕਿਉਂਕਿ ਇਸ ਮਾਮਲੇ ਵਿਚ ਸੁਪਰੀਮ ਕੋਰਟ ਨੇ ਇਕ ਹਦਾਇਤ ਕੀਤੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਉਹਨਾਂ ਕਿਹਾ ਕਿ ਭਾਵੇਂ ਹਾਈਕੋਰਟ ਨੇ ਸਪੱਸ਼ਟ ਕਿਹਾ ਸੀ ਕਿ ਉਹ ਸੁਪਰੀਮ ਕੋਰਟ ਤੋਂ ਰਾਹਤ ਹਾਸਲ ਕਰਨ ਵਾਸਤੇ ਮੈਨੂੰ ਸਮਾਂ ਦੇਣ ਦੀ ਮੇਰੀ ਅਪੀਲ ’ਤੇ ਵਿਚਾਰ ਕਰੇਗੀ ਪਰ ਇਸ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਮੇਰੇ ਘਰਾਂ ’ਤੇ ਛਾਪੇ ਮਾਰੇ। ਉਹਨਾਂ ਨੇ ਇਸ ਸਬੰਧ ਵਿਚ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਤੇ ਇਸ ਲਈ ਜ਼ਿੰਮੇਵਾਰ ਅਫਸਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਸਰਦਾਰ ਮਜਰੀਠੀਆ ਨੇ ਬਿਊਰੋ ਆਫ ਇਨਵੈਸਟੀਗੇਸ਼ਨ (ਬੀਓਆਈ) ਦੇ ਡਾਇਰੈਕਟਰ ਬੀ. ਚੰਦਰਸ਼ੇਖਰ ਨੂੰ ਵੀ ਸਵਾਲ ਕੀਤਾ ਕਿ ਉਹਨਾਂ ਨੇ ਕਿਸ ਦੀਆਂ ਹਦਾਇਤਾਂ ’ਤੇ ਉਹਨਾਂ ਖਿਲਾਫ ਛਾਪੇਮਾਰੀ ਕੀਤੀ। ਉਹਨਾਂ ਦੱਸਿਆ ਕਿ ਕਿਵੇਂ ਸਾਬਕਾ ਪੁਲਿਸ ਮੁਖੀ ਸਿਧਾਰਥ ਚਟੋਪਾਧਿਆਏ ਦੇ ਕਹਿਣ ’ਤੇ ਉਹਨਾਂ ਦੇ ਖਿਲਾਫ ਨਸ਼ਿਆਂ ਦਾ ਝੂਠਾ ਕੇਸ ਦਰਜ ਕੀਤਾ ਗਿਆ ਹਾਲਾਂਕਿ ਚਟੋਪਾਧਿਆਏ ਦੇ ਨਸ਼ਾ ਤਸਕਰਾਂ ਤੇ ਭਗੌੜਿਆਂ ਨਾਲ ਸੰਬੰਧ ਪਹਿਲਾਂ ਹੀ ਉਜਾਗਰ ਹੋ ਗਏ ਹਨ।