ਪੰਜਾਬ ਵਿਚ ਅਗਲੇ ਮਹੀਨੇ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਹਰੇਕ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾ ਰਹੇ ਹਨ। ਪੰਜਾਬ ਕਾਂਗਰਸ ਵੱਲੋਂ ਆਪਣੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਗਈ ਹੈ ਜਿਸ ਵਿਚ 8 ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।
ਅਟਾਰੀ ਤੋਂ ਤਰਸੇਮ ਸਿੰਘ ਡੀ.ਸੀ ਦੀ ਟਿਕਟ ਕੱਟ ਤੇ ਤਰਸੇਮ ਸਿੰਘ ਸਿਆਲਕਾ ਨੂੰ ਟਿਕਟ ਦਿੱਤੀ ਗਈ ਹੈ। ਖੇਮਕਰਨ ਤੋਂ ਸੁਖਪਾਲ ਸਿੰਘ ਭੁੱਲਰ ਉਮੀਦਵਾਰ ਹੋਣਗੇ। ਨਵਾਂਸ਼ਹਿਰ ਤੋਂ ਸਤਬੀਰ ਸਿੰਘ ਸੈਣੀ ਨੂੰ ਟਿਕਟ ਦਿੱਤੀ ਗਈ ਤੇ ਅੰਗਦ ਸੈਣੀ ਦੀ ਟਿਕਟ ਕੱਟੀ ਗਈ ਹੈ । ਵਿਧਾਇਕ ਅੰਗਦ ਸੈਣੀ ਦੀ ਪਤਨੀ ਅਦਿਤੀ ਸਿੰਘ ਉੱਤਰ ਪ੍ਰਦੇਸ਼ ਵਿਚ ਭਾਜਪਾ ਵਿਚ ਸ਼ਾਮਲ ਹੋ ਗਈ ਹੈ ਅਤੇ ਭਾਜਪਾ ਦੇ ਟਿਕਟ ਤੋਂ ਚੋਣ ਵੀ ਲੜ ਰਹੀ ਹੈ। ਇਸ ਨੂੰ ਹੀ ਟਿਕਟ ਕੱਟਣ ਦੀ ਵਜ੍ਹਾ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਜਲਾਲਾਬਾਦ ਤੋਂ ਵਿਧਾਇਕ ਰਮਿੰਦਰ ਆਂਵਲਾ ਉਪ ਚੋਣ ਜਿੱਤ ਤੇ ਵਿਧਾਇਕ ਬਣੇ ਸਨ। ਇਸ ਵਾਰ ਉਹ ਸੁਖਬੀਰ ਬਾਦਲ ਖਿਲਾਫ ਨਹੀਂ ਲੜਨਾ ਚਾਹੁੰਦੇ ਸਨ। ਉਹ ਦੂਜੀ ਸੀਟ ਮੰਗ ਰਹੇ ਸਨ। ਇਸ ਕਾਰਨ ਕਾਂਗਰਸ ਨੇ ਉਨ੍ਹਾਂ ਦਾ ਟਿਕਟ ਕੱਟ ਦਿੱਤਾ।
ਲੁਧਿਆਣਾ ਸਾਊਥ ਤੋਂ ਈਸ਼ਵਰਜੋਤ ਸਿੰਘ ਚੀਮਾ , ਜਲਾਲਾਬਾਦ ਤੋਂ ਮੋਹਨ ਸਿੰਘ ਫਲੀਆਂਵਾਲਾ, ਭਦੌੜ ਤੋਂ ਚਰਨਜੀਤ ਸਿੰਘ ਚੰਨੀ, ਬਰਨਾਲਾ ਤੋਂ ਕੇਵਲ ਢਿੱਲੋਂ ਦੀ ਟਿਕਟ ਕੱਟੀ ਗਈ ਤੇ ਕਾਂਗਰਸ ਦੇ ਸਾਬਕਾ ਮੰਤਰੀ ਪਵਨ ਬਾਂਸਲ ਦੇ ਬੇਟੇ ਮਨੀਸ਼ ਬਾਂਸਲ ਨੂੰ ਟਿਕਟ ਦਿੱਤੀ ਗਈ ਹੈ। ਇਸੇ ਤਰ੍ਹਾਂ ਪਟਿਆਲਾ ਤੋਂ ਵਿਸ਼ਨੂੰ ਸ਼ਰਮਾ ਉਮੀਦਵਾਰ ਹੋਣਗੇ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਚੋਣ ਲੜਣਗੇ ।
ਗੌਰਤਲਬ ਹੈ ਕਿ 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਪੰਜਾਬ ਕਾਂਗਰਸ ਦੇ CM ਚਿਹਰੇ ਉਤੇ ਸਸਪੈਂਸ ਅਜੇ ਵੀ ਬਰਕਰਾਰ ਹੈ ਤੇ ਰਾਹੁਲ ਗਾਂਧੀ ਵੱਲੋਂ ਜਲਦ ਹੀ ਮੁੱਖ ਮੰਤਰੀ ਚਿਹਰੇ ਐਲਾਨਣ ਦਾ ਭਰੋਸਾ ਦਿੱਤਾ ਗਿਆ ਹੈ।