ਪੰਜਾਬ ਵਿਚ ਚਾਈਨਾ ਡੋਰ ‘ਤੇ ਪਾਬੰਦੀ ਲੱਗੀ ਹੋਈ ਹੈ ਪਰ ਇਸ ਦੇ ਬਾਵਜੂਦ ਇਹ ਧੜੱਲੇ ਨਾਲ ਵਿਕ ਰਹੀ ਹੈ ਤੇ ਇਸ ਨਾਲ ਬਹੁਤ ਸਾਰੇ ਹਾਦਸੇ ਵੀ ਵਾਪਰਦੇ ਹਨ। ਅਜਿਹਾ ਹੀ ਇੱਕ ਹਾਦਸਾ ਜਿਲ੍ਹਾ ਫਿਰੋਜ਼ਪੁਰ ਵਿਖੇ ਵਾਪਰਿਆ ਜਿਥੇ ਇੱਕ 4 ਸਾਲਾ ਬੱਚੀ ਜਦੋਂ ਸਕੂਲ ਤੋਂ ਵਾਪਸ ਪਰਤ ਰਹੀ ਸੀ ਤਾਂ ਸਕੂਟਰ ਉਤੇ ਚਾਈਨੀਜ਼ ਡੋਰ ਨਾਲ ਉਸ ਦਾ ਗਲਾ ਕੱਟਿਆ ਗਿਆ ਅਤੇ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਮ੍ਰਿਤਕ ਬੱਚੀ ਦੀ ਪਛਾਣ ਅਸ਼ਲੀਨ ਕੌਰ ਵਜੋਂ ਹੋਈ ਹੈ। ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਸਕੂਲ ਤੋਂ ਵਾਪਸ ਆ ਰਹੀ ਸੀ ਤਾਂ ਜਦੋਂ ਉਹ ਜ਼ੀਰਾ ਗੇਟ ਨੇੜੇ ਪੈਟਰੋਲ ਪੰਪ ਕੋਲ ਪੁੱਜੀ ਤਾਂ ਸੜਕ ਦੇ ਕਿਨਾਰੇ ਲਟਕਦੀ ਚਾਈਨਾ ਡੋਰ ਨਾਲ ਬੱਚੀ ਦਾ ਗਲ਼ਾ ਵੱਢਿਆ ਗਿਆ। ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਅੱਜ ਉਸ ਦੀ ਮੌਤ ਹੋ ਗਈ। ਹਾਦਸੇ ਵਿਚ ਮਾਂ ਦਾ ਅੰਗੂਠਾ ਵੀ ਕੱਟਿਆ ਗਿਆ।
ਭਾਵੇਂ ਫਿਰੋਜ਼ਪੁਰ ‘ਚ ਚਾਈਨਾ ਡੋਰ ‘ਤੇ ਬੈਨ ਲੱਗਾ ਹੋਇਆ ਸੀ ਪਰ ਫਿਰ ਵੀ ਬਸੰਤ ਪੰਚਮੀ ਵਾਲੇ ਦਿਨ 5 ਕਰੋੜ ਦਾ ਬਿਜ਼ਨੈੱਸ ਹੋਇਆ, ਜਿਸ ਦਾ ਖਮਿਆਜ਼ਾ 4 ਸਾਲਾ ਬੱਚੀ ਨੂੰ ਆਪਣੀ ਜਾਨ ਦੇ ਕੇ ਚੁਕਾਉਣਾ ਪਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਚਾਈਨਾ ਡੋਰ ਦੀ ਵਿਕਰੀ ‘ਤੇ ਸਖਤ ਪਾਬੰਦੀ ਲਗਾਈ ਜਾਵੇ ਤਾਂ ਜੋ ਦੁਬਾਰਾ ਅਜਿਹਾ ਹਾਦਸਾ ਨਾ ਵਾਪਰ ਸਕੇ।
ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਬਸੰਤ ਪੰਚਮੀ ਵਾਲੇ ਦਿਨ ਸ਼ਹਿਰ ‘ਚ ਚਾਈਨਾ ਡੋਰ ਦੀ ਵਰਤੋਂ ਕੀਤੀ ਜਾ ਰਹੀ ਸੀ ਪਰ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਸੀ। ਹਾਲਾਂਕਿ, ਬਸੰਤ ਤੋਂ ਪਹਿਲਾਂ ਪੁਲਿਸ ਵੱਲੋਂ ਚਾਈਨਾ ਡੋਰ ਦੀਆਂ ਕੁਝ ਹੀ ਬਰਾਮਦਗੀਆਂ ਕੀਤੀਆਂ ਗਈਆਂ ਸਨ। ਸਮਾਜ ਸੇਵੀ ਸ਼ੇਰੂ ਕੱਕੜ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਚਾਈਨਾ ਡੋਰ ਨੂੰ ਰੋਕਣ ਦੀ ਇੱਛਾ ਰੱਖਦਾ ਹੈ ਤਾਂ ਇਸ ਨੂੰ ਰੋਕਣਾ ਕੋਈ ਵੱਡੀ ਗੱਲ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: