ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਮੁੰਡਾ ਆਸ਼ੀਸ਼ ਮਿਸ਼ਰਾ ਅੱਜ ਜੇਲ੍ਹ ਤੋਂ ਰਿਹਾਅ ਹੋ ਗਿਆ। ਉਸ ਦੀ 129 ਦਿਨਾਂ ਬਾਅਦ ਜੇਲ੍ਹ ਤੋਂ ਰਿਹਾਈ ਹੋਈ ਹੈ। ਪਿਛਲੇ ਸਾਲ 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਤਿਕੁਣੀਆ ਵਿਚ ਹੋਈ ਹਿੰਸਾ ਮਾਮਲੇ ਵਿਚ ਆਸ਼ੀਸ਼ ਮਿਸ਼ਰਾ ਨੂੰ 9 ਅਕਤੂਬਰ ਦੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ।
ਹਾਈਕੋਰਟ ਦੀ ਲਖਨਊ ਬੈਂਚ ਤੋਂ ਬੀਤੇ 10 ਫਰਵਰੀ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਕਿਹਾ ਗਿਆ ਸੀ ਕਿ ਕਾਗਜ਼ੀ ਕਾਰਵਾਈ ਪੂਰੀ ਹੁੰਦੇ ਹੀ ਆਸ਼ੀਸ਼ ਮਿਸ਼ਰਾ ਨੂੰ ਲਖੀਮਪੁਰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਵੇਗਾ ਪਰ ਫਿਰ ਵੀ ਮਿਸ਼ਰਾ ਜੇਲ੍ਹ ਤੋਂ ਰਿਹਾਅ ਨਹੀਂ ਹੋ ਸਕੇ। ਜ਼ਮਾਨਤ ਹੁਕਮਾਂ ਵਿਚ ਦੋ ਧਾਰਾਵਾਂ ਦਾ ਨਾ ਹੋਣ ਕਾਰਨ ਉਨ੍ਹਾਂ ਦੀ ਜ਼ਮਾਨਤ ਹੋਣ ਵਿਚ ਦੇਰੀ ਹੋ ਰਹੀ ਸੀ।
ਆਸ਼ੀਸ਼ ਮਿਸ਼ਰਾ ਨੂੰ ਜੇਲ੍ਹ ਦੇ ਪਿਛਲੇ ਗੇਟ ਤੋਂ ਬਾਹਰ ਕੱਢਿਆ ਗਿਆ। ਮੋਨੂੰ ਸਿੰਗਲ ਗੱਡੀ ਤੋਂ ਘਰ ਪਹੁੰਚਿਆ। ਗੱਡੀ ਐੱਸਯੂਵੀ ਸੀ। ਮੀਡੀਆ ਦੇ ਲੋਕਾਂ ਨੇ ਘਰ ਤੱਕ ਪਿੱਛਾ ਕੀਤਾ ਪਰ ਉਹ ਚਿਹਰਾ ਲੁਕਾਉਂਦੇ ਹੋਏ ਅੰਦਰ ਚਲਾ ਗਿਆ।
ਸੋਮਵਾਰ ਨੂੰ ਜ਼ਿਲ੍ਹਾ ਜੱਜ ਨੇ ਅਰਜ਼ੀ ‘ਤੇ ਸੁਣਵਾਈ ਕਰਦਿਆਂ 3 ਲੱਖ ਰੁਪਏ ਦੇ ਦੋ ਜ਼ਮਾਨਤੀ ਅਤੇ ਬਰਾਬਰ ਰਕਮ ਦੇ ਦੋ ਨਿੱਜੀ ਬਾਂਡ ਦਾਇਰ ਕਰਨ ਦਾ ਹੁਕਮ ਦਿੱਤਾ ਸੀ। ਜਿਸ ‘ਤੇ ਅਸ਼ੀਸ਼ ਮਿਸ਼ਰਾ ਦੇ ਵਕੀਲ ਅਵਧੇਸ਼ ਸਿੰਘ ਨੇ ਅਦਾਲਤ ਦੀ ਪ੍ਰਕਿਰਿਆ ਪੂਰੀ ਕਰਕੇ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ। ਆਸ਼ੀਸ਼ ਦੇ ਸ਼ਹਿਰ ਤੋਂ ਬਾਹਰ ਜਾਣ ‘ਤੇ ਵੀ ਕੋਈ ਪਾਬੰਦੀ ਨਹੀਂ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਗੌਰਤਲਬ ਹੈ ਕਿ SIT ਨੇ 9 ਅਕਤੂਬਰ ਨੂੰ ਪੁੱਛਗਿਛ ਲਈ ਪੁਲਿਸ ਲਾਈਨ ਸਥਿਤ ਕ੍ਰਾਈਮ ਬ੍ਰਾਂਚ ਬੁਲਾਇਆ ਸੀ ਜਿਥੇ ਲਗਭਗ 12 ਘੰਟੇ ਦੀ ਪੁੱਛਗਿਛ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਉਦੋਂ ਤੋਂ ਆਸ਼ੀਸ਼ ਲਖੀਮਪੁਰ ਜੇਲ੍ਹ ਵਿਚ ਬੰਦ ਹੈ। ਜੇਲ੍ਹ ਵਿਚ ਆਸ਼ੀਸ਼ ਨੂੰ ਇੱਕ ਵਿਸ਼ੇਸ਼ ਸੈੱਲ ਵਿਚ ਰੱਖਿਆ ਗਿਆ ਸੀ ਜਿਥੇ ਹੋਰ ਕੈਦੀਆਂ ਦਾ ਜਾਣਾ ਮਨ੍ਹਾ ਸੀ। ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਸੁਰੱਖਿਆ ਦੇ ਲਿਹਾਜ਼ ਨਾਲ ਕੀਤਾ ਗਿਆ ਸੀ।