ਅੰਮ੍ਰਿਤਸਰ ‘ਚ BSF ਜਵਾਨ ਨੇ ਆਪਣੇ ਸਾਥੀਆਂ ‘ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ ਸੀ। BSF ਹੈੱਡਕੁਆਰਟਰ ਵਿਚ ਹੋਈ ਇਸ ਘਟਨਾ ਵਿਚ ਗੋਲੀਬਾਰੀ ਕਰਨ ਵਾਲੇ ਜਵਾਨ ਸਣੇ 5 ਬੀਐੱਸਐੱਫ ਜਵਾਨਾਂ ਦੀ ਮੌਤ ਹੋਈ ਸੀ। ਇਸ ਸਬੰਧ ਵਿਚ ਜਾਰੀ ਜਾਂਚ ਵਿਚ ਉਸ ਦੇ ਪਰਿਵਾਰ ਨੇ ਜਾਣਕਾਰੀ ਦਿੱਤੀ ਕਿ ਉਹ ਤਣਾਅ ਦਾ ਸ਼ਿਕਾਰ ਸੀ। ਉਸ ਦਾ ਪਿਛਲੇ ਦੋ ਮਹੀਨਿਆਂ ਤੋਂ ਡਿਪ੍ਰੈਸ਼ਨ ਦਾ ਇਲਾਜ ਚੱਲ ਰਿਹਾ ਸੀ।
ਗੋਲੀਬਾਰੀ ਕਰਨ ਵਾਲੇ ਬੀਐੱਸਐੱਫ ਜਵਾਨ ਦਾ ਨਾਂ ਸਤੱਪਾ ਸਿਦੱਪਾ ਕਿਲਰਾਗੀ ਸੀ। ਉਹ ਕਰਨਾਟਕ ਦੇ ਬੇਲਗਾਵੀ ਦਾ ਰਹਿਣ ਵਾਲਾ ਸੀ। ਗੋਲੀਬਾਰੀ ਦੀ ਇਹ ਘਟਨਾ ਐਤਵਾਰ ਨੂੰ ਸਵੇਰੇ ਲਗਭਗ 9.45 ਵਜੇ ਵਾਪਰੀ ਸੀ। ਇਸ ਤੋਂ ਪਹਿਲਾਂ 9 ਵਜੇ ਸਤੱਪਾ ਨੇ ਆਪਣੀ ਪਤਨੀ ਨੂੰ ਫੋਨ ਕੀਤਾ ਸੀ ਤੇ ਉਸ ਨੂੰ ਕਿਹਾ ਸੀ ਕਿ ਉਹ ਤਣਾਅਗ੍ਰਸਤ ਮਹਿਸੂਸ ਕਰ ਰਿਹਾ ਹੈ ਤੇ ਜਲਦ ਹੀ ਘਰ ਆਉਣਾ ਚਾਹੁੰਦਾ ਹੈ। ਦੂਜੇ ਪਾਸੇ ਅਟਾਰੀ ਦੇ ਡਿਪਟੀ ਐੱਸਪੀ ਬਲਬੀਰ ਸਿੰਘ ਨੇ ਵੀ ਇਹ ਮੰਨਿਆ ਕਿ ਸ਼ਨੀਵਾਰ ਨੂੰ ਸਿਹਤ ਖਰਾਬ ਹੋਣ ਕਾਰਨ ਜਵਾਨ ਨੂੰ ਹਸਪਤਾਲ ਵਿਚ ਭਰਤੀ ਵੀ ਕੀਤਾ ਗਿਆ ਸੀ।
ਜਵਾਨ ਨੇ ਕੁਝ ਦਿਨਾਂ ਪਹਿਲਾਂ ਹੀ ਕਰਜ਼ਾ ਲਿਆ ਸੀ। ਜਵਾਨ ਕਥਿਤ ਤੌਰ ‘ਤੇ ਕਰਜ਼ ਦੇ ਭੁਗਤਾਨ ਤੇ ਆਪਣੇ ਪਰਿਵਾਰ ਨੂੰ ਲੈ ਕੇ ਚਿੰਤਤ ਸੀ। ਇਸ ਘਟਨਾ ਦੀ ਅੰਦਰੂਨੀ ਜਾਂਚ ਕਰ ਰਹੇ ਅਧਿਕਾਰੀਆਂ ਦੀ ਪੜਤਾਲ ‘ਚ ਇਹ ਗੱਲ ਸਾਹਮਣੇ ਆਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰਦਾਤ ਦੀ ਜਾਂਚ ਦੇ ਸਿਲਸਿਲੇ ਵਿਚ ਬੀਐੱਸਐੱਫ ਅਧਿਕਾਰੀਆਂ ਦਾ ਇੱਕ ਗਰੁੱਪ ਕਰਨਾਟਕ ਦੇ ਰਹਿਣ ਵਾਲੇ ਕਾਂਸਟੇਬਲ ਸਤੱਪਾ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਗਿਆ ਹੈ। ਜਵਾਨ ਦੇ ਪਰਿਵਾਰ ਵਿਚ ਉਸ ਦੀ ਪਤਨੀ ਤੇ ਦੋ ਬੱਚੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗੇ ਅੰਮ੍ਰਿਤਸਰ ਦੇ ਖਾਸਾ ਇਲਾਕੇ ਵਿਚ ਐਤਵਾਰ ਨੂੰ ਹੋਈ ਗੋਲੀਬਾਰੀ ਦੇ ਸਿਲਸਿਲੇ ਵਿਚ ਚੱਲ ਰਹੀ ਜਾਂਚ ਬਾਰੇ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਸਤੱਪਾ ਨੇ ਕਰਜ਼ਾ ਲਿਆ ਸੀ ਤੇ ਉਹ ਈਐੱਮਆਈ ਦਾ ਭੁਗਤਾਨ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਉਹ ਸੰਭਵ ਤੌਰ ‘ਤੇ ਇਸ ਮੁੱਦੇ ਨੂੰ ਲੈ ਕੇ ਚਿੰਤਤ ਸੀ।