ਰਜ਼ੀਆ ਸੁਲਤਾਨਾ ਨੇ ਮਾਲੇਰਕੋਟਲਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਹੱਕ ‘ਚ ਦਿੱਤੇ ਗਏ ਫਤਵੇ ਨੂੰ ਦਿਲੋਂ ਕਬੂਲ ਕਰਦੇ ਹਾਂ ਤੇ ਹਲਕੇ ਤੇ ਖਾਸ ਤੌਰ ‘ਤੇ ਸ਼ਹਿਰ ਦੀ ਆਵਾਮ ਨੂੰ ਉਨ੍ਹਾਂ ਵੱਲੋਂ ਬੜੇ ਚਾਅ ਨਾਲ ਨਵੀਂ ਨੁਮਾਇੰਦਗੀ ਚੁਣਨ ‘ਤੇ ਮੁਬਾਰਕਬਾਦ ਵੀ ਪੇਸ਼ ਕਰਦੀ ਹੈ। ਸਾਡੀਆਂ ਦੁਆਵਾਂ ਮਾਲੇਰਕੋਟਲਾ ਦੇ ਲੋਕਾਂ ਨਾਲ ਹਮੇਸ਼ਾ ਸੀ ਤੇ ਰਹਿਣਗੀਆਂ। ਕੋਈ ਹਾਰ ਜਾਂ ਜਿੱਤ ਆਪਣੀ ਕੌਮ ਤੇ ਹਲਕੇ ਦੇ ਲੋਕਾਂ ਲਈ ਮਾਲੇਰਕੋਟਲਾ ਹਾਊਸ ਦੇ ਲਗਾਅ ਅਤੇ ਜ਼ਜ਼ਬੇ ਨੂੰ ਘੱਟ ਨਹੀਂ ਕਰ ਸਕਦੀ।
ਇਸ ਦੇ ਨਾਲ ਹੀ ਮਾਲੇਰਕੋਟਲਾ ਹਾਊਸ ਇਹ ਵੀ ਦੁਹਰਾਉਣਾ ਜ਼ਰੂਰੀ ਸਮਝਦਾ ਹੈ ਕਿ ਅਸੀਂ ਮਾਲੇਰਕੋਟਲਾ ਦੇ ਸਿਆਸੀ ਸਫਰ ਵਿਚ ਆਪਣੇ ਹਰ ਜਾਤੀ-ਮੁਫਾਦ ਤੋਂ ਉਪਰ ਉਠ ਕੇ, ਜਾਤੀ ਕੁਰਬਾਨੀਆਂ ਦੇ ਕੇ ਅਤੇ ਆਪਣੀ ਸਲਾਹੀਅਤਾਂ ਤੋਂ ਵੱਧ ਕੇ ਮਾਲੇਰਕੋਟਲਾ ਦੀ ਇੱਜ਼ਤ, ਵੱਕਾਰ, ਅਮਨ ਤੇ ਤਰੱਕੀ ਲਈ ਦਿਲੋਂ ਜਾਨ ਨਾਲ ਕੰਮ ਕੀਤਾ ਹੈ। ਹਰ ਲਿਹਾਜ਼ ਨਾਲ ਮਾਲਰੇਕੋਟਲਾ ਲਈ ਸਾਡੇ ਦੌਰ ਦੇ ਕੰਮ ਤੇ ਪ੍ਰਾਪਤੀਆਂ ਇਸ ਹਲਕੇ ਦੀ ਪਿਛਲੇ 75 ਸਾਲਾਂ ਦੀ ਨੁਮਾਇੰਦਗੀ ਦੇ ਕੰਮਾਂ ਤੋਂ ਹਜ਼ਾਰਾਂ ਮੀਲ ਅੱਗੇ ਰਹੇ ਹਨ। ਪਿਛਲੇ 5 ਸਾਲਾਂ ਦੇ ਸਾਡੇ ਕੰਮ ਪੂਰੇ ਪੰਜਾਬ ਦੇ 117 ਹਲਕਿਆਂ ਵਿਚੋਂ ਕਿਸੇ ਵੀ ਹਲਕੇ ਤੋਂ ਕਿਤੇ ਜ਼ਿਆਦਾ ਹਨ। ਇਸ ਤੋਂ ਵੱਧ ਕੇ ਕੁਝ ਵੀ ਕਰਨਾ ਸਾਡੀ ਇਨਸਾਨੀ ਸਲਾਹੀਅਤਾਂ ਤੋਂ ਬਾਹਰ ਹਨ।
ਅਸੀਂ ਅੱਲ੍ਹਾ ਤਾਲਾ ਤੋਂ ਦੁਆ ਕਰਦੇ ਹਾਂ ਕਿ ਤੁਹਾਡੀ ਨਵੀਂ ਪਸੰਦ ਤੁਹਾਡੀਆਂ ਉਮੀਦਾਂ ‘ਤੇ ਖਰੀ ਉਤਰੇਗੀ। ਸਾਡੀ ਕੌਮ ਤੇ ਸਾਡੇ ਹਲਕੇ ਦੇ ਲੋਕਾਂ ਲਈ ਸਭ ਤੋਂ ਵੱਡਾ ਇਮਤਿਹਾਨ ਮੈਡੀਕਲ ਕਾਲਜ ਤੇ ਜੱਜ ਹਾਊਸ ਦੀ ਉਸਾਰੀ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕਰਨ ਦੇ ਨਾਲ-ਨਾਲ ਸ਼ਹਿਰ ਵਿਚ ਅਮਨ, ਕੌਮੀ ਵੱਕਾਰ ਤੇ ਆਪਣੀ ਹਿਫਾਜ਼ਤ ਨੂੰ ਯਕੀਨੀ ਬਣਾਉਣਾ ਹੋਵੇਗਾ।
ਜਿਥੇ ਮਾਲੇਰਕੋਟਲਾ ਹਾਊਸ ਆਪਣੀ ਪੂਰੀ ਕੌਮ ਤੇ ਹਲਕਾ ਨਿਵਾਸੀਆਂ ਦਾ ਉਨ੍ਹਾਂ ਦੇ ਪਿਆਰ ਤੇ ਮੁਹੱਬਤ ਲਈ ਬਹੁਤ ਧੰਨਵਾਦ ਕਰਦਾ ਹੈ। ਸਾਡਾ ਇਸ ਸ਼ਹਿਰ ਨਾਲ ਇਹ ਸ਼ਿਕਵਾ ਵੀ ਹੈ ਕਿ ਅਸੀਂ ਤੁਹਾਡੇ ਵੱਕਾਰ, ਪਛਾਣ ਤੇ ਬਿਹਤਰੀ ਲਈ ਆਪਣੇ ਤੇ ਆਪਣੇ ਪਰਿਵਾਰ ‘ਤੇ ਮੰਡਰਾਉਂਦੇ ਹਰ ਕਿਸਮ ਦੇ ਖਤਰਿਆਂ ਦੀ ਨਿੱਕੀ ਜਿਹੀ ਵੀ ਪ੍ਰਵਾਹ ਕੀਤੇ ਬਿਨਾਂ ਤੁਹਾਡੇ ਹੱਕਾਂ ਦੀ ਲੜਾਈ ਲੜੀ ਹੈ ਪਰ ਤੁਹਾਡੇ ਵਿਚੋਂ ਬਹੁਤ ਸਾਰੇ ਲੋਕਾਂ ਦੇ ਨਾਂ ਉਸ ਦੀ ਕਦਰ ਕੀਤੀ ਅਤੇ ਨਾ ਹੀ ਮੁੱਲ ਪਾਇਆ। ਅਸੀਂ ਅੱਲ੍ਹਾ ਤਾਲਾ ਦੇ ਸ਼ੁਕਰ ਗੁਜ਼ਾਰ ਹਾਂ ਕਿ ਲੋਕਾਂ ਨੇ ਸਾਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਤੋਂ ਫਾਰਿਗ ਕਰ ਦਿੱਤਾ। ਇਸ ਵਿਚ ਵੀ ਜ਼ਰੂਰ ਕੋਈ ਬਿਹਤਰੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਸਾਡਾ ਆਪਣੀ ਸਿਆਸੀ ਜ਼ਿੰਮੇਵਾਰੀ ਤੋਂ ਫਾਰਿਗ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਅਸੀਂ ਆਪਣੇ ਸ਼ਹਿਰ ਅਤੇ ਆਪਣੇ ਲੋਕਾਂ ਨੂੰ ਲੁਟੇਰੇ, ਬਦਮਾਸ਼ਾਂ ਤੇ ਫਿਰੌਤੀਆਂ ਵਸੂਲ ਕਰਨ ਵਾਲੇ ਗੁੰਡਿਆਂ ਦੇ ਹਵਾਲੇ ਕਰ ਦਿਆਂਗੇ। ਜੇ ਕਿਸੇ ਨੇ ਇਹੋ ਜਿਹੀ ਕੋਈ ਹਰਕਤ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਸਾਡਾ ਮਜ਼ਬੂਤ ਕਾਨੂੰਨੀ ਪੰਜਾ ਉਨ੍ਹਾਂ ਦੇ ਗਿਰੇਬਾਨ ‘ਤੇ ਹੋਵੇਗਾ। ਤੁਸੀਂ ਸਾਰੇ ਜਾਣਦੇ ਹੋ ਕਿ ਸਾਡਾ ਵੱਕਾਰ ਤੇ ਪੁਜਡੀਸ਼ਨ ਕਿਸੇ ਸਿਆਸੀ ਅਹੁਦੇ ਜਾਂ ਕਿਸੇ ਇੱਕ ਪਾਰਟੀ ਦੀ ਸਰਕਾਰ ਦੀ ਮੁਥਾਜ ਨਹੀਂ ਹੈ। ਕੋਈ ਵੀ ਸਰਕਾਰ ਹੋਵੇ ਅਸੀਂ ਆਪਣੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿਆਂਗੇ।