ਬੀਤੇ ਦਿਨ ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਮੋਗਾ ਦੇ ਵੱਖ-ਵੱਖ ਦਫ਼ਤਰਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਮੰਤਰੀ ਵੱਲੋਂ ਕੀਤੇ ਗਏ ਰਵੱਈਏ ਤੋਂ ਅਫਸਰਾਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ। ਇਸ ਨੂੰ ਲੈ ਕੇ ਮੋਗਾ ਦੇ ਸਾਰੇ ਮਾਲ ਅਫਸਰਾਂ ਨੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ।
ਆਪਣੀ ਸ਼ਿਕਾਇਤ ਵਿੱਚ ਉਨ੍ਹਾਂ ਕਿਹਾ ਕਿ ਮਾਲ ਮੰਤਰੀ ਜਿੰਪਾ ਵੱਲੋਂ ਸਰਕਾਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਤਹਿਸੀਲਦਾਰ, ਉਰ ਮੰਡਲ ਮੈਜਿਸਟ੍ਰੇਟ ਨਾਲ ਕੀਤਾ ਗਿਆ ਵਤੀਰਾ ਨਿੰਦਣਯੋਗ ਹੈ। ਸ਼ਿਕਾਇਤਕਰਤਾ ਵੱਲੋਂ ਸਬ-ਰਜਿਸਟਰਾਰ ਮੋਗਾ ਵਿਰੁੱਧ ਲਾਏ ਗਏ ਦੋਸ਼ ਝੂਠੇ ਹਨ ਜਾਂ ਸੱਚੇ ਇਸ ਦੀ ਪੜਤਾਲ ਏਡੀਸੀ ਕੋਲ ਪੈਂਡਿੰਗ ਹੈ ਅਤੇ ਅਜਿਹੇ ਵਿੱਚ ਸ਼ਿਕਾਇਤਕਰਤਾ ਨੂੰ ਨਾਲ ਲੈ ਕੇ ਮੀਡੀਆ ਸਾਹਮਣੇ ਤਹਿਸੀਲਦਾਰ ਨੂੰ ਸਵਾਲ-ਜਵਾਬ ਕਰਨਾ ਗੈਰ-ਕਾਨੂੰਨੀ ਹੈ।
ਮਾਲ ਅਫਸਰਾਂ ਨੇ ਕਿਹਾ ਕਿ ਅਜਿਹਾ ਵਤੀਰਾ ਮਾਲ ਅਫਸਰਾ ਨਾਲ ਮਤਰਏ ਵਿਵਹਾਰ ਵਾਂਗ ਹੈ। ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਸਬ-ਰਜਿਸਟਰਾਰ ਮੋਗਾ ਵਿਰੁੱਧ ਜਨਤਕ ਤੌਰ ‘ਤੇ ਕੀਤੀ ਗਈ ਕਾਰਵਾਈ ਪਹਿਲਾਂ ਤੋਂ ਹੀ ਏਡੀਸੀ ਜਨਰਲ ਵੱਲੋਂ ਕੀਤੀ ਜਾ ਰਹੀ ਪੜਤਾਲ ਨੂੰ ਇਕ-ਪਾਸੜ ਕਰਨ ਲਈ ਦਬਾਅ ਬਣਾਉਣ ਦੀ ਹਰਕਤ ਹੈ। ਇਹ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਅਜਿਹਾ ਮੰਤਰੀ ਸਾਹਿਬ ਵੱਲੋਂ ਖੁਦ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਡੀਸੀ ਨੂੰ ਦਿੱਤੀ ਸ਼ਿਕਾਇਤ ਵਿੱਚ ਮਾਲ ਅਫਸਰਾਂ ਨੇ ਕਿਹਾ ਕਿ ਇਸ ਘਟਨਾਕ੍ਰਮ ਦੀ ਜਾਣਕਾਰੀ ਮੱਖ ਮੰਤਰੀ ਭਗਵੰਤ ਮਾਨ ਤੇ ਵਧੀਕ ਮੁੱਖ ਸਕੱਤਰ ਮਾਲ ਨੂੰ ਦਿੱਤੀ ਜਾਣੀ ਚਾਹੀਦੀ ਹੈ ਤੇ ਅਜਿਹੀਆਂ ਘਟਨਾਵਾਂ ‘ਤੇ ਰੋਕ ਲਾਈ ਜਾਵੇ ਤੇ ਮਾਲ ਅਫ਼ਸਰਾਂ ਨੂੰ ਕਿਸੇ ਬਾਈਕਾਟ ਆਦਿ ਕਰਨ ਲਈ ਮਜਬੂਰ ਨਾ ਕੀਤਾ ਜਾਵੇ। ਇਸ ਦੇ ਨਾਲ ਹੀ ਸ਼ਿਕਾਇਤ ਦੀ ਨਿਰਪੱਖ ਢੰਗ ਨਾਲ ਜਾਂਚ ਤੀਚੀ ਜਾਣੀ ਚਾਹੀਦੀ ਹੈ।