ਆਲ ਇੰਡੀਆ ਕਾਂਗਰਸ ਕਮੇਟੀ ਇੰਚਾਰਜ ਹਰੀਸ਼ ਚੌਧਰੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਸਿੱਧੂ ਪਾਰਟੀ ਤੋਂ ਉਪਰ ਨਹੀਂ ਹੈ ਤੇ ਹੁਣ ਉਨ੍ਹਾਂ ਖਿਲਾਫ ਕਾਰਵਾਈ ਜ਼ਰੂਰੀ ਹੋ ਗਈ ਹੈ। ਚੌਧਰੀ ਨੇ ਸਿੱਧੂ ਖਿਲਾਫ ਪਾਰਟੀ ਵਿਰੋਧੀ ਗਤੀਵਿਧੀਆਂ ਤੇ ਲਗਾਤਾਰ ਬਿਆਨਬਾਜ਼ੀ ਨੂੰ ਲੈ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਈਮਾਨਦਾਰ ਤੇ ਛੋਟਾ ਭਰਾ ਦੱਸਿਆ ਸੀ। ਸਿੱਧੂ ਨੇ ਕਿਹਾ ਸੀ ਕਿ ਪੰਜਾਬ ਦੀ ਜਨਤਾ ਨੇ ਬਦਲਾਅ ਨੂੰ ਇਸ ਲਈ ਮੌਕਾ ਦਿੱਤਾ ਕਿਉਂਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀਆਂ ਨੇ ਮਾਫੀਆ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਸੀ। ਮੇਰੀ ਲੜਾਈ ਵੀ ਮਾਫੀਆ ਖਿਲਾਫ ਹੈ।
ਸਿੱਧੂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਦੇ ਬਾਅਦ ਤੋਂ ਨਾਰਾਜ਼ ਚੱਲ ਰਹੇ ਹਨ। ਉਹ ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਨਵੇਂ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਮਾਰੋਹ ਵਿਚ ਸ਼ਾਮਲ ਹੋਏ। ਉਨ੍ਹਾਂ ਨੇ ਵੜਿੰਗ ਨਾਲ ਸਟੇਜ ਸਾਂਝੀ ਨਹੀਂ ਕੀਤੀ। ਸਿੱਧੂ ਨੇ ਉਦੋਂ ਬਿਆਨ ਦਿੱਤਾ ਸੀ ਕਿ ਕਾਂਗਰਸ ਨੂੰ ਬਦਲਾਅ ਦੀ ਲੋੜ ਹੈ।
ਹੁਣੇ ਜਿਹੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਪ੍ਰਸਤਾਵ ਠੁਕਰਾ ਦਿੱਤਾ ਸੀ। ਇਸ ਤੋਂ ਬਾਅਦ ਸਿੱਧੂ ਨੇ ਪ੍ਰਸ਼ਾਂਤ ਕਿਸ਼ੋਰ ਨਾਲ ਆਪਣੀ ਫੋਟੋ ਟਵੀਟ ਕੀਤੀ ਸੀ। ਇਹ ਗੱਲ ਵੀ ਸਿੱਧੂ ਖਿਲਾਫ ਜਾ ਰਹੀ ਹੈ। ਸਿੱਧੂ ਨੇ ਇਸ ਫੋਟੋ ਦੇ ਨਾਲ ਲਿਖਿਆ ਕਿ ਪੁਰਾਣੇ ਦੋਸਤ ਪੀਕੇ ਨਾਲ ਮੁਲਾਕਾਤ ਬਹੁਤ ਹੀ ਚੰਗੀ ਰਹੀ। ਉਨ੍ਹਾਂ ਲਿਖਿਆ ਕਿ ਪੁਰਾਣੀ ਸ਼ਰਾਬ, ਪੁਰਾਣਾ ਸੋਨਾ ਤੇ ਪੁਰਾਣੇ ਦੋਸਤ ਸਭ ਤੋਂ ਚੰਗੇ ਹੁੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: