ਲੁਧਿਆਣਾ ‘ਚ ਖੁਦ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਓਐੱਸਡੀ ਦੱਸਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਕਤ ਵਿਅਕਤੀ ਆਪਣੇ ਆਪ ਨੂੰ CM ਮਾਨ ਦਾ ਓਐੱਸਡੀ ਦੱਸ ਕੇ ਸਰਕਾਰੀ ਦਫਤਰਾਂ ‘ਚ ਫੋਨ ਕਰਕੇ ਅਧਿਕਾਰੀਆਂ ਨੂੰ ਕਾਨੂੰਨ ਤੋਂ ਬਾਹਰ ਹੋ ਕੇ ਕੰਮ ਕਰਨ ਲਈ ਦਬਾਅ ਬਣਾਉਂਦਾ ਸੀ। ਪੁਲਿਸ ਵੱਲੋਂ ਅੱਜ ਉਸ ਨੂੰ ਕਾਬੂ ਕਰ ਲਿਆ ਗਿਆ।
ਦੋਸ਼ੀ ਖਿਲਾਫ ਸਬ-ਰਜਿਸਟਰਾਰ ਤੇ ਨਾਇਬ ਤਹਿਸੀਲਾਦਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਗਿਆ ਹੈ ਤਾਂ ਕਿ ਹੋਰ ਮਾਮਲਿਆਂ ਦਾ ਵੀ ਖੁਲਾਸਾ ਹੋ ਸਕੇ।
ਅਧਿਕਾਰੀਆਂ ਨੂੰ ਨਿਯਮਾਂ ਤੋਂ ਉਲਟ ਜਾ ਕੇ ਰਜਿਸਟਰੀ ਕਰਨ ਦੇ ਹੁਕਮ ਦੇਣ ਵਾਲੇ ਉਕਤ ਨੌਜਵਾਨ ਨੂੰ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਗ੍ਰਿਫਤਾਰ ਕੀਤਾ। ਪੁਲਿਸ ਨੇ ਦੋਸ਼ੀ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਖਿਲਾਫ ਸਬ-ਰਜਿਸਟਰਾਰ ਡਾ.ਵਿਨੈ ਬਾਂਸਲ ਤੇ ਨਾਇਬ ਤਹਿਸੀਲਾਦਰ ਗੁਰਪ੍ਰੀਤ ਕੌਰ ਦੇ ਬਿਆਨ ‘ਤੇ ਕਾਰਵਾਈ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੋਸ਼ੀ ਦੀ ਪਛਾਣ ਦੁਗਰੀ ਦੇ ਪੰਜਾਬੀ ਬਾਗ ਨਿਵਾਸੀ ਕਰਮਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੂੰ ਡਾ. ਵਿਨੈ ਬਾਂਸਲ ਤੇ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਅਪ੍ਰੈਲ ਵਿਚ ਉਨ੍ਹਾਂ ਦੀ ਡਿਊਟੀ ਤਹਿਸੀਲ ‘ਚ ਰਜਿਸਟ੍ਰੇਸ਼ਨ ਦੇ ਕੰਮ ਲਈ ਲੱਗੀ ਸੀ। ਦੋਸ਼ੀ ਨੇ ਆਪਣੇ ਮੋਬਾਈਲ ਤੋਂ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕਿ ਉਹ ਮੁੱਖ ਮੰਤਰੀ ਦਾ ਓਐੱਸਡੀ ਬੋਲ ਰਿਹਾ ਹੈ। ਉਸ ਕੋਲ ਕੁਝ ਲੋਕ ਰਜਿਸਟਰੀ ਕਰਵਾਉਣ ਲਈ ਆ ਰਹੇ ਹਨ। ਉਨ੍ਹਾਂ ਦੀ ਰਜਿਸਟਰੀ ਕਰ ਦਿਓ ਜੇਕਰ ਉਨ੍ਹਾਂ ਦੇ ਕਾਗਜ਼ ਪੂਰੇ ਨਾਹੋਣ ਤਾਂ ਵੀ ਕੰਮ ਕਰ ਦੇਣਾ ਕਿਉਂਕਿ ਉਹ ਮੁੱਖ ਮੰਤਰੀ ਦੇ ਖਾਸ ਹਨ।
ਅਧਿਕਾਰੀਆਂ ਨੂੰ ਸ਼ੱਕ ਹੋਇਆ ਕਿ ਫੋਨ ਕਰਨ ਵਾਲਾ ਵਿਅਕਤੀ ਕੋਈ ਗਲਤ ਆਦਮੀ ਹੈ। ਜਦੋਂ ਉੁਨ੍ਹਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਸ ਨਾਂ ਦਾ ਕੋਈ ਵਿਅਕਤੀ ਨਹੀਂ ਹੈ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।