ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਨਾਗਪੁਰ ਪਹੁੰਚੇ ਹਨ। ਉਥੇ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਨਾਂ ਲਏ ਬਗੈਰ ਭਾਜਪਾ ‘ਤੇ ਹਮਲਾ ਬੋਲਿਆ। ਉਨ੍ਹਾਂ ਨੇ ਮਹਾਰਾਸ਼ਟਰ ‘ਚ ਸਕੂਲਾਂ ਦੀ ਖਸਤਾ ਹਾਲਤ ਵਿਵਸਥਾ ‘ਤੇ ਵੀ ਗੱਲ ਕੀਤੀ। ਉਨ੍ਹਾਂ ਨੇ ਭ੍ਰਿਸ਼ਟਾਚਾਰ ਦਾ ਵੀ ਮੁੱਦਾ ਚੁੱਕਿਆ।
ਕੇਜਰੀਵਾਲ ਨੇ ਕਿਹਾ ਕਿ ਅਸੀਂ ਰਾਜਨੀਤੀ ਵਿਚ ਆਪਣਾ ਕਰੀਅਰ ਬਣਾਉਣ ਲਈ ਨਹੀਂ ਸਗੋਂ ਆਪਣਾ ਕਰੀਅਰ ਛੱਡ ਕੇ ਆਏ ਹਾਂ। ਅਸੀਂ ਭਾਰਤ ਮਾਂ ਲਈ ਸਿਆਸਤ ‘ਚ ਆਏ ਹਾਂ। ਉਨ੍ਹਾਂ ਕਿਹਾ ਕਿ ਅਸੀਂ ਸੱਤਾ ਪਾਉਣ ਲਈ ਨਹੀਂ, ਦੇਸ਼ ਬਚਾਉਣ ਲਈ ਰਾਜਨੀਤੀ ਵਿਚ ਆਏ ਹਾਂ। ਕੇਜਰੀਵਾਲ ਨੇ ਕਿਹਾ ਕਿ ਭਗਵਾਨ ਤੋਂ ਬਸ ਦੋ ਹੀ ਚੀਜ਼ਾਂ ਮੰਗਦਾ ਹਾਂ। ਪਹਿਲਾ ਇਹ ਕਿ ਮੇਰਾ ਭਾਰਤ ਦੁਨੀਆ ਦਾ ਨੰਬਰ ਵਨ ਦੇਸ਼ ਬਣੇ, ਦੂਜਾ ਕਿ ਜਦੋਂ ਤੱਕ ਭਾਰਤ ਨੂੰ ਦੁਨੀਆ ਦਾ ਨੰਬਰ ਵਨ ਦੇਸ਼ ਨਾ ਬਣਾ ਲਵਾਂ ਉਦੋਂ ਤੱਕ ਮੈਨੂੰ ਮੌਤ ਨਾ ਦੇਵੇ।
ਆਪ ਸੁਪਰੀਮੋ ਨੇ ਕਿਹਾ ਕਿ ਮੈਨੂੰ ਰਾਜਨੀਤੀ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਮੈਨੂੰ ਬੱਸ ਕੰਮ ਕਰਨਾ ਆਉਂਦਾ ਹੈ। ਸਾਨੂੰ ਚੋਰੀ ਕਰਨਾ, ਭ੍ਰਿਸ਼ਟਾਚਾਰ ਕਰਨਾ, ਦੰਗਾ ਕਰਨਾ, ਗੁੰਡਾਗਰਦੀ ਕਰਨਾ ਨਹੀਂ ਆਉਂਦਾ। ਸਾਨੂੰ ਸਕੂਲ ਤੇ ਹਸਪਤਾਲ ਬਣਾਉਣਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ‘ਚ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਖਰਾਬ ਹੈ। ਪਹਿਲਾਂ ਦਿੱਲੀ ‘ਚ ਵੀ ਇੰਝ ਹੀ ਸੀ ਪਰ ਹੁਣ ਸਥਿਤੀ ਬਦਲ ਗਈ ਹੈ। 12ਵੀਂ ਦੀ ਪ੍ਰੀਖਿਆ ਵਿਚ ਸਰਕਾਰੀ ਸਕੂਲਾਂ ਦੇ ਨਤੀਜੇ 97 ਫੀਸਦੀ ਆਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਚਾਰ ਲੱਖ ਬੱਚੇ ਪ੍ਰਾਈਵੇਟ ਸਕੂਲ ਤੋਂ ਸਰਕਾਰੀ ਸਕੂਲ ਵਿਚ ਆਏ ਹਨ।
ਉਨ੍ਹਾਂ ਕਿਹਾ ਕਿ ਜੇਕਰ ਗਰੀਬ ਨੂੰ ਫ੍ਰੀ ਵਿਚ ਸਿੱਖਿਆ ਦਿੰਦਾ ਹਾਂ ਤਾਂ ਕੀ ਗਲਤ ਕਰਦਾ ਹਾਂ। ਜੇਕਰ ਗਰੀਬ ਨੂੰ ਫ੍ਰੀ ਇਲਾਜ ਦੀ ਸਹੂਲਤ ਦੇ ਰਿਹਾ ਹਾਂ ਤਾਂ ਕੀ ਗਲਤ। ਫ੍ਰੀ ‘ਚ ਯੋਗ ਕਰਵਾਉਂਦਾ ਹਾਂ, ਬਿਜਲੀ ਦਿੰਦਾ ਹਾਂ ਤਾਂ ਭਾਜਪਾ ਵਾਲੇ ਬੋਲਦੇ ਹਨ। ਉਨ੍ਹਾਂ ਕਿਹਾ ਕਿ ਹੁਣ ਅਸੀਂ ਕਹਿ ਦਿੱਤਾ ਹੈ ਕਿ ਜਿਸ ਨੂੰ ਨਹੀਂ ਚਾਹੀਦੀ, ਉਹ ਫ੍ਰੀ ਬਿਜਲੀ ਨਾ ਲਵੇ। ਕੇਜਰੀਵਾਲ ਨੇ ਕਿਹਾ ਕਿ ਅਸੀਂ ਦੇਸ਼ ਦੀ 130 ਕਰੋੜ ਜਨਤਾ ਦਾ ਗਠਜੋੜ ਬਣਾਵਾਂਗੇ।
ਵੀਡੀਓ ਲਈ ਕਲਿੱਕ ਕਰੋ -: