ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹਿੰਦੂ ਸੰਗਠਨਾਂ ਨੇ ਕੁਤੁਬ ਮੀਨਾਰ ‘ਤੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਮੰਗ ਕੀਤੀ ਕਿ ਇਸ ਦਾ ਨਾਂ ਬਦਲ ਕੇ ਵਿਸ਼ਣੂ ਸਤੰਭ ਰੱਖਿਆ ਜਾਵੇ। ਇਸ ਮੀਨਾਰ ਦਾ ਨਿਰਮਾਣ 27 ਜੈਨ ਤੇ ਹਿੰਦੂ ਮੰਦਰਾਂ ਨੂੰ ਨਸ਼ਟ ਕਰਕੇ ਕੀਤਾ ਗਿਆ ਸੀ। ਮਹਾਕਾਲ ਮਾਨਵ ਸੇਵਾ ਅਤੇ ਹੋਰ ਦੱਖਣਪੰਥੀ ਸੰਗਠਨਾਂ ਦੇ ਕਾਰਕੁੰਨ ਕੁਤੁਬ ਮੀਨਾਰ, ਜਿਸ ਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤੀ ਸਥਾਨ ਵਜੋਂ ਮਾਨਤਾ ਪ੍ਰਾਪਤ ਹੈ, ‘ਤੇ ਭਾਰੀ ਪੁਲਿਸ ਤਾਇਨਾਤੀ ਦੇ ਵਿਚਕਾਰ ਤਖ਼ਤੀਆਂ ਲੈ ਕੇ ਅਤੇ ਨਾਅਰੇ ਲਗਾਉਂਦੇ ਹੋਏ ਦੇਖਿਆ ਗਿਆ।
ਇਹ ਪ੍ਰਦਰਸ਼ਨ ਯੂਨਾਈਟਿਡ ਹਿੰਦੂ ਫਰੰਟ ਦੇ ਕਾਰਜਕਾਰੀ ਪ੍ਰਧਾਨ ਜੈਭਘਵਾਨ ਗੋਇਲ ਨੇ ਕੀਤਾ। ਗੋਇਲ ਨੇ ਹੋਰ ਹਿੰਦੂ ਸੰਗਠਨਾਂ ਨੂੰ ਹਨੂੰਮਾਨ ਚਾਲੀਸਾ ਦੇ ਜਾਪ ਵਿਚ ਸ਼ਾਮਲ ਹੋਣ ਲਈ ਬੁਲਾਇਆ ਤੇ ਕਿਹਾ ਕਿ ਉਨ੍ਹਾਂ ਨੂੰ ਮਸਜਿਦ ਵਿਚ ਪ੍ਰਾਰਥਨਾ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਜਾਂ ਮੂਰਤੀਆਂ ਨੂੰ ਮਸਜਿਦ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ।
ਇਸ ਦਰਮਿਆਨ ਦਿੱਲੀ ਭਾਜਪਾ ਨੇ ਮੰਗ ਕੀਤੀ ਹੈ ਕਿ ਰਾਸ਼ਟਰੀ ਰਾਜਧਾਨੀ ਵਿਚ ਅਕਬਰ ਰੋਡ, ਹਿਮਾਂਯੂ ਰੋਡ, ਔਰੰਗਜ਼ੇਬ ਲੇਨ ਤੇ ਤੁਗਲਕ ਲੇਨ ਵਰਗੇ ਹੋਰ ਥਾਵਾਂ ਦੇ ਨਾਂ ਬਦਲੇ ਜਾਣ ਕਿਉਂਕਿ ਉਨ੍ਹਾਂ ਦਾ ਨਾਂ ਮੁਗਲ ਸ਼ਾਸਕਾਂ ਦੇ ਨਾਂ ‘ਤੇ ਰੱਖਿਆ ਗਿਆ ਹੈ।
ਉੱਤਰੀ ਦਿੱਲੀ ਨਗਰ ਨਿਗਮ ਦੇ ਪ੍ਰਧਾਨ ਨੂੰ ਲਿਖੀ ਚਿੱਠੀ ਵਿਚ ਦਿੱਲੀ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਸੁਝਾਅ ਦਿੱਤਾ ਹੈ ਕਿ ਸੜਕਾਂ ਦਾ ਨਾਂ ਮਹਾਰਾਣਾ ਪ੍ਰਤਾਪ, ਗੁਰੂ ਗੋਬਿੰਦ ਸਿੰਘ, ਮਹਾਰਿਸ਼ੀ ਵਾਲਮੀਕਿ ਤੇ ਜਨਰਲ ਬਿਪਿਨ ਰਾਵਤ ਦੇ ਨਾਂ ‘ਤੇ ਰੱਖਿਆ ਜਾਵੇ।
ਵੀਡੀਓ ਲਈ ਕਲਿੱਕ ਕਰੋ -: