ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੰਡਕਾ ਮੈਟਰੋ ਸਟੇਸ਼ਨ ‘ਤੇ ਪਹੁੰਚ ਗਏ ਹਨ ਜਿਥੇ ਕਲ ਸ਼ਾਮ ਨੂੰ ਇੱਕ ਇਮਾਰਤ ਵਿਚ ਅੱਗ ਲੱਗ ਗਈ ਸੀ। ਉਨ੍ਹਾਂ ਨਾਲ ਡਿਪਟੀ ਸੀਐੱਮ ਸਿਸੋਦੀਆ ਵੀ ਹਨ। ਕੇਜਰੀਵਾਲ ਨੇ ਮ੍ਰਿਤਕਾਂ ਨੂੰ 10-10 ਲੱਖ ਰੁਪਏ ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਦਿੱਲੀ ਫਾਇਰ ਸਰਵਿਸਿਜ਼ ਦੇ ਨਿਦੇਸ਼ਕ ਅਤੁਲ ਗਰਗ ਦਾ ਕਹਿਣਾ ਹੈ ਕਿ ਇਸ ਇਮਾਰਤ ਦਾ ਫਾਇਰ ਐੱਨਓਸੀ ਨਹੀਂ ਸੀ ਅਤੇ ਅੱਗ ਬੁਝਾਉਣ ਦਾ ਕੋਈ ਉਪਕਰਨ ਵੀ ਨਹੀਂ ਸੀ। ਇਮਾਰਤ ਵਿਚ ਪਲਾਸਟਿਕ ਦਾ ਸਾਮਾਨ ਤੇ ਸੀਸੀਟੀਵੀ ਆਦਿ ਸੀ। ਇਸ ਲਈ ਅੱਗ ਇੱਕ ਮੰਜ਼ਿਲ ਤੋਂ ਦੂਜੀ ਮੰਜ਼ਿਲ ‘ਤੇ ਫੈਲੀ। ਸਾਡਾ ਰੈਸਕਿਊ ਆਪ੍ਰੇਸ਼ਨ ਪੂਰਾ ਹੋ ਚੁੱਕਾ ਹੈ। ਹੁਣ ਤੱਕ 27 ਮ੍ਰਿਤਕ ਦੇਹਾਂ ਮਿਲ ਚੁੱਕੀਆਂ ਹਨ ਪਰ ਇਹ ਗਿਣਤੀ 29 ਜਾਂ 30 ਤੱਕ ਪਹੁੰਚ ਸਕਦੀ ਹੈ।
ਘਟਨਾ ਵਾਲੀ ਥਾਂ ‘ਤੇ FSL ਦੀ ਟੀਮ ਵੀ ਪਹੁੰਚ ਚੁੱਕੀ ਹੈ। ਸੰਜੀਵ ਗੁਪਤਾ ਦੀ ਅਗਵਾਈ ਵਿਚ ਫੋਰੈਂਸਿੰਗ ਟੀਮ ਜਾਂਚ ਕਰੇਗੀ। ਦੂਜੇ ਪਾਸੇ ਭਾਜਪਾ ਸਾਂਸਦ ਹੰਸਰਾਜ ਹੰਸ ਵੀ ਮੌਕੇ ‘ਤੇ ਪਹੁੰਚੇ ਹਨ। ਉਨ੍ਹਾਂ ਨੇ ਇਸ ਘਟਨਾ ਲਈ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਦਸੇ ਵਿਚ ਕੰਪਨੀ ਦੇ ਮਾਲਕ ਵਰੁਣ ਤੇ ਹਰੀਸ਼ ਗੋਇਲ ਦੇ ਪਿਤਾ ਅਮਰਨਾਥ ਦੀ ਵੀ ਮੌਤ ਹੋ ਚੁੱਕੀ ਹੈ।
ਫਾਇਰ ਵਿਭਾਗ ਦੇ ਮੁਲਾਜ਼ਮਾਂ ਨੇ ਇਮਾਰਤ ਵਿੱਚ ਫਸੇ ਲੋਕਾਂ ਨੂੰ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦਿੱਲੀ ਦੇ ਉਪ ਪੁਲਿਸ ਅਧਿਕਾਰੀ ਡੀਸੀਪੀ ਸਮੀਰ ਸ਼ਰਮਾ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਕਿ ਤਿੰਨ ਮੰਜ਼ਿਲਾ ਕਮਰਸ਼ੀਅਲ ਇਮਾਰਤ ਵਿੱਚ ਕੰਪਨੀਆਂ ਦੇ ਦਫ਼ਤਰ ਹਨ। ਅੱਗ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਲੱਗਣੀ ਸ਼ੁਰੂ ਹੋਈ। ਜਿੱਥੇ ਸੀਸੀਟੀਵੀ ਕੈਮਰਾ ਅਤੇ ਰਾਊਟਰ ਨਿਰਮਾਤਾ ਕੰਪਨੀ ਦਾ ਦਫ਼ਤਰ ਹੈ।