ਗੁਜਰਾਤ ਦੇ ਮੋਰਬੀ ਦੇ ਹਲਵਾੜ ਜੀਆਈਡੀਸੀ ਵਿਚ ਇੱਕ ਨਮਕ ਕਾਰਖਾਨੇ ਦੀ ਦੀਵਾਰ ਡਿਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਵਿਚ 12 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਜ਼ਖਮੀ ਹੋ ਗਏ। ਉਨ੍ਹਾਂ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ। ਹਾਦਸੇ ‘ਤੇ ਪੀਐੱਮ ਮੋਦੀ ਤੇ ਸੀਐੱਮ ਭੁਪਿੰਦਰ ਪਟੇਲ ਨੇ ਦੁੱਖ ਪ੍ਰਗਟਾਇਆ। ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਤੋਂ ਮ੍ਰਿਤਕ ਪਰਿਵਾਰਾਂ ਨੂੰ 2-2 ਲੱਖ ਤੇ ਜ਼ਖਮੀਆਂ ਨੂੰ 50-50 ਹਜ਼ਾਰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਹਾਦਸੇ ਵਿਚ 12 ਲੋਕਾਂ ਦੀ ਮੌਤ ਹੋ ਗਈ ਹੈ ਤੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਮਲਬੇ ਤੋਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਨੂੰ ਪੋਸਟਮਾਰਟਮ ਲਈ ਹਲਵਾੜ ਦੇ ਇੱਕ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਹਾਦਸੇ ਵਿਚ ਕਈ ਵਿਅਕਤੀ ਜ਼ਖਮੀ ਵੀ ਹੋ ਗਏ ਹਨ। ਘਟਨਾ ਬੁੱਧਵਾਰ ਦੁਪਿਹਰ 12 ਵਜੇ ਹੋਈ ਅਤੇ ਪੁਲਿਸ ਦੀਵਾਰ ਡਿਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਸਤਾਰੀ ਸੂਤਰਾਂ ਨੇ ਕਿਹਾ ਕਿ ਇਹ ਘਟਨਾ ਸਾਗਰ ਕੇਮ ਫੂਡ ਇੰਡਸਟਰੀ ਵਿਚ ਹੋਈ ਜਿਸ ਨੂੰ ਜੀਆਈਡੀਸੀ ਹਲਵਾੜ ਵਿਚ ਪਲਾਟ ਨੰਬਰ 61 62 ਤੇ 63 ਵਿਚ ਵੰਡਿਆ ਗਿਆ ਹੈ। ਕੰਪਨੀ ਹੋਰ ਉੁਤਪਾਦਾਂ ਦੇ ਨਾਲ ਖਾਣ ਵਾਲਾ ਨਮਕ ਵੀ ਬਣਾਉਂਦੀ ਹੈ। ਸੂਬੇ ਦੇ ਕਿਰਤ ਤੇ ਰੋਜ਼ਗਾਰ ਮੰਤਰੀ ਸਥਾਨਕ ਵਿਧਾਇਕ ਬ੍ਰਿਜੇਸ਼ ਮੇਰਜਾ ਨੇ ਕਿਹਾ ਇਹ ਦੁਖਦ ਘਟਨਾ ਹਲਵਾੜ ਉਦਯੋਗਿਕ ਖੇਤਰ ਅੰਦਰ ਸਥਿਤ ਸਮੁੰਦਰੀ ਨਮਕ ਦੀ ਫੈਕਟਰੀ ਵਿਚ ਹੋਈ। ਉਨ੍ਹਾਂ ਕਿਹਾ ਕਿ ਘੱਟ ਤੋਂ ਘੱਟ ਕਾਰਖਾਨੇ ਦੇ 12 ਮਜ਼ਦੂਰਾਂ ਦੀ ਮੌਤ ਹੋ ਗਈ ਹੈ।
ਗੁਜਰਾਤ ਦੇ ਸੀਐੱਮ ਭੁਪਿੰਦਰ ਪਟੇਲ ਨੇ ਮੋਰਬੀ ਵਿਚ ਨਮਕ ਕਾਰਖਾਨੇ ਦੀ ਦੀਵਾਰ ਡਿਗਣ ਦੀ ਘਟਨਾ ਵਿਚ ਮਾਰੇ ਗਏ ਹਰ ਮਜ਼ਦੂਰ ਦੇ ਪਰਿਵਾਰਕ ਮੈਂਬਰ ਨੂੰ ਸੀਐੱਮ ਰਾਹਤ ਖਜ਼ਾਨੇ ਤੋਂ 4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸੀਐੱਮ ਨੇ ਮੋਰਬੀ ਜ਼ਿਲ੍ਹਾ ਕਲੈਕਟਰ ਤੇ ਸਿਸਟਮ ਆਪ੍ਰੇਟਰਾਂ ਨੂੰ ਤਤਕਾਲ ਬਚਾਅ ਤੇ ਰਾਹਤ ਕੰਮਾਂ ਦੇ ਨਿਰਦੇਸ਼ ਵੀ ਦਿੱਤੇ।
ਦੂਜੇ ਪਾਸੇ ਮੋਰਬੀ ਵਿਚ ਹੋਏ ਦਰਦਨਾਕ ਹਾਦਸੇ ਵਿਚ ਪੀਐੱਮ ਮੋਦੀ ਨੇ ਦੁੱਖ ਪ੍ਰਗਟਾਇਆ ਹੈ। ਪੀਐੱਮ ਵੱਲੋਂ ਕੀਤੇ ਗਏ ਟਵੀਟ ਵਿਚ ਪੀਐੱਮ ਨੇ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਕੋਸ਼ ਵੱਲੋਂ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਜਦੋਂ ਕਿ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: