ਗਰਮੀ ਤੋਂ ਨਿਜਾਤ ਪਾਉਣ ਲਈ ਸਕੂਲਾਂ ਦੇ ਬੱਚੇ ਤੇ ਨੌਜਵਾਨ ਨਹਿਰਾਂ ਵਿਚ ਨਹਾਉਣ ਲਈ ਜਾਂਦੇ ਹਨ ਪਰ ਕਈ ਵਾਰ ਉਹ ਵੱਡੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਭਾਖੜਾ ਤੇ ਛੋਟੀਆਂ-ਮੋਟੀਆਂ ਨਹਿਰਾਂ ਵਿਚ ਨਹਾਉਣ ‘ਤੇ ਪਾਬੰਦੀ ਲਗਾਈ ਗਈ ਸੀ ਪਰ ਬਾਵਜੂਦ ਇਸ ਦੇ ਸਕੂਲੀ ਵਿਦਿਆਰਥੀ ਤੇ ਨੌਜਵਾਨ ਬਾਜ਼ ਨਹੀਂ ਆ ਰਹੇ।
ਅਜਿਹਾ ਹੀ ਇੱਕ ਹਾਦਸਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਜਗਰਾਉਂ ਕਸਬੇ ਦੇ ਪਿੰਡ ਨਹਿੰਗਾ ਦਾ ਡੇਰਾ ਖੁਰਸ਼ੇਦਪੁਰਾ ਨੇੜੇ ਲੰਘਦੀ ਸਤਲੁਜ ਦਰਿਆ ਵਿੱਚ ਨਹਾਉਣ ਗਏ ਬੱਚਿਆਂ ਨਾਲ ਵਾਪਰਿਆ। ਜਿਥੇ 12-13 ਸਾਲ ਦੇ ਤਿੰਨ ਬੱਚੇ ਡੁੱਬ ਗਏ। ਵੀਰਵਾਰ ਰਾਤ ਨੂੰ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ, ਜਦਕਿ ਇਕ ਦੀ ਭਾਲ ਜਾਰੀ ਹੈ।
ਵੀਰਵਾਰ ਦੁਪਹਿਰ ਨੂੰ ਨਹਾਉਣ ਗਏ ਬੱਚੇ ਦੇਰ ਸ਼ਾਮ ਤੱਕ ਘਰ ਨਾ ਪਰਤੇ ਤਾਂ ਰਿਸ਼ਤੇਦਾਰਾਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਸ਼ਾਮ ਕਰੀਬ 7.45 ਵਜੇ ਰਿਸ਼ਤੇਦਾਰਾਂ ਨੇ ਪੁਲਿਸ ਅਤੇ ਗੋਤਾਖੋਰਾਂ ਦੀ ਮਦਦ ਲਈ। ਰਿਸ਼ਤੇਦਾਰਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਬੱਚੇ ਦੁਪਹਿਰ ਤੋਂ ਲਾਪਤਾ ਹਨ। ਪੁਲਿਸ ਨੇ ਸਤਲੁਜ ਦਰਿਆ ਵਿੱਚ ਸਰਚ ਆਪ੍ਰੇਸ਼ਨ ਚਲਾਇਆ। ਗੋਤਾਖੋਰਾਂ ਨੂੰ ਨਦੀ ਵਿੱਚ ਉਤਾਰ ਦਿੱਤਾ ਗਿਆ। ਗੋਤਾਖੋਰਾਂ ਨੇ ਦੋ ਬੱਚਿਆਂ ਦੀਆਂ ਲਾਸ਼ਾਂ ਨੂੰ ਨਦੀ ‘ਚੋਂ ਬਾਹਰ ਕੱਢਿਆ ਪਰ ਦੇਰ ਰਾਤ ਤੱਕ ਤੀਜੇ ਬੱਚੇ ਅਕਾਸ਼ਦੀਪ ਦੀ ਲਾਸ਼ ਕਿਧਰੇ ਵੀ ਨਹੀਂ ਮਿਲੀ।
ਮ੍ਰਿਤਕਾਂ ਦੀ ਪਛਾਣ ਸੁਖਚੈਨ ਸਿੰਘ ਅਤੇ ਚਰਨਜੀਤ ਸਿੰਘ ਵਜੋਂ ਹੋਈ ਹੈ।ਥਾਣਾ ਸਿੱਧਵਾਂ ਬੇਟ ਦੇ ਐਸਐਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਅਕਾਸ਼ਦੀਪ ਸਿੰਘ ਪੁੱਤਰ ਜਸਪਾਲ ਸਿੰਘ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਹੈ। ਸੁਖਚੈਨ ਸਿੰਘ ਪੁੱਤਰ ਗੁਰਨਾਮ ਸਿੰਘ ਅਤੇ ਚਰਨਜੀਤ ਸਿੰਘ ਪੁੱਤਰ ਰਣਜੀਤ ਦੀਆਂ ਲਾਸ਼ਾਂ ਮਿਲੀਆਂ ਹਨ। ਤਿੰਨੇ ਬੱਚੇ ਵੀਰਵਾਰ ਦੁਪਹਿਰ ਕਰੀਬ 1 ਵਜੇ ਸਤਲੁਜ ਦਰਿਆ ‘ਚ ਨਹਾਉਣ ਗਏ ਸਨ। ਪਾਣੀ ਦਾ ਵਹਾਅ ਤੇਜ਼ ਸੀ, ਜਿਸ ਵਿਚ ਬੱਚੇ ਫਸ ਗਏ ਅਤੇ ਡੁੱਬ ਗਏ। ਪਰਿਵਾਰ ਨੂੰ ਇਸ ਘਟਨਾ ਦਾ ਦੇਰ ਸ਼ਾਮ ਪਤਾ ਲੱਗਾ, ਜਦੋਂ ਬੱਚੇ ਘਰ ਨਹੀਂ ਪਰਤੇ। ਇਸ ਤੋਂ ਬਾਅਦ ਪੁਲਿਸ ਨੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਨੇ 2 ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਤੀਜੇ ਬੱਚੇ ਦੀ ਭਾਲ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: