ਮਹਾਰਾਸ਼ਟਰ ਦੇ ਚੰਦਰਪੁਰ ‘ਚ ਅੱਜ ਸਵੇਰੇ ਦਰਦਨਾਕ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ। ਤੇਜ਼ ਰਫਤਾਰ ਨਾਲ ਆ ਰਹੇ ਇੱਕ ਟਰੱਕ ਅਤੇ ਪੈਟਰੋਲ ਟੈਂਕਰ ਵਿਚਾਲੇ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨਾਂ ਵਿਚ ਅੱਗ ਲੱਗ ਗਈ। ਟਰੱਕ ਲੱਕੜੀਆਂ ਨਾਲ ਭਰਿਆ ਸੀ। ਇਸ ਲਈ ਅੱਗ ਨੂੰ ਫੈਲਣ ਵਿਚ ਜ਼ਿਆਦਾ ਸਮਾਂ ਨਹੀਂ ਲੱਗਾ। ਟਰੱਕ ਵਿਚ ਬੈਠੇ 7 ਲੋਕ ਤੇ ਪੈਟਰੋਲ ਟੈਂਕਰ ਵਿਚ ਬੈਠੇ 2 ਲੋਕ ਅੱਗ ਦੀ ਚਪੇਟ ਵਿਚ ਆ ਗਏ ਤੇ ਸਾਰਿਆਂ ਨੇ ਮੌਕੇ ‘ਤੇ ਦਮ ਤੋੜ ਦਿੱਤਾ।
ਹਾਦਸੇ ‘ਚ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਸੜ ਗਈਆਂ ਹਨ ਕਿ ਪਛਾਣ ਕਰਨਾ ਮੁਸ਼ਕਲ ਹੋ ਰਿਹਾ ਹੈ। ਹਾਦਸੇ ਤੋਂ ਬਾਅਦ ਚੰਦਰਪੁਰ ਸ਼ਹਿਰ ਵੱਲ ਜਾਣ ਵਾਲੀ ਸੜਕ ਕਈ ਘੰਟਿਆਂ ਤੱਕ ਜਾਮ ਰਹੀ। ਹਾਈਵੇ ਦੇ ਦੋਵੇਂ ਪਾਸੇ ਵਾਹਨਾਂ ਦੀ ਲੰਬੀ ਕਤਾਰ ਦੇਖਣ ਨੂੰ ਮਿਲੀ। ਅੱਗ ਦੀਆਂ ਲਪਟਾਂ ਨਾਲ ਜੰਗਲ ਵਿਚ ਅੱਗ ਲੱਗ ਗਈ।
ਚੰਦਰਪੁਰ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਮੁੱਖ ਮਾਰਗ ‘ਤੇ ਅਜੇਪੁਰ ਪਿੰਡ ਦੇ ਕੋਲ ਟਰੱਕ ਦੇ ਟਾਇਰ ਫਟਣ ਦੇ ਬਾਅਦ ਉਹ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੇ ਟੈਂਕਰ ਨਾਲ ਜਾ ਟਕਰਾਇਆ ਤੇ ਉਸ ਵਿਚ ਅੱਗ ਲੱਗ ਗਈ। ਦੁਰਘਟਨਾ ਦੇ ਬਾਅਦ ਟੈਂਕਰ ਤੋਂ ਪੈਟਰੋਲ ਫੈਲਣ ਦੀ ਵਜ੍ਹਾ ਨਾਲ ਆਲੇ-ਦੁਆਲੇ ਦੇ ਕਈ ਦਰੱਖਤ ਵੀ ਸੜ ਗਏ। ਸਵੇਰੇ 10 ਵਜੇ ਤੱਕ ਜੰਗਲ ਵਿਚ ਲੱਗੀ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਸੀ। ਚੰਦਰਪੁਰ ਤੋਂ ਫਾਇਰ ਬ੍ਰਿਗੇਡ ਦੀਆਂ ਇੱਕ ਦਰਜਨ ਗੱਡੀਆਂ ਅੱਗ ਬੁਝਾਉਣ ਲਈ ਘਟਨਾਵਾਲੀ ਥਾਂ ‘ਤੇ ਮੌਜੂਦ ਹਨ। ਹੁਣ ਵੀ ਹਾਈਵੇ ਦੇ ਦੋਵੇਂ ਪਾਸੇ ਵਾਹਨਾਂ ਦੀ ਲੰਬੀ ਕਤਾਰ ਲੱਗੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: