ਸੰਸਦ ਮੈਂਬਰ ਹੋਣ ਦੇ ਨਾਤੇ ਭਗਵੰਤ ਮਾਨ ਨੂੰ ਦਿੱਲੀ ਵਿੱਚ ਬੰਗਲਾ ਦਿੱਤਾ ਗਿਆ ਸੀ ਪਰ ਹੁਣ ਤੱਕ ਉਨ੍ਹਾਂ ਵੱਲੋਂ ਇਹ ਬੰਗਲਾ ਖਾਲੀ ਨਹੀਂ ਕੀਤਾ ਗਿਆ ਹੈ ਜਿਸ ‘ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤੰਜ ਕੱਸਿਆ ਹੈ।
ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ‘ਜੋ ਪ੍ਰਚਾਰ ਕਰਦੇ ਹੋਏ, ਉਸ ‘ਤੇ ਅਮਲ ਵੀ ਕਰੋ। ਮੁੱਖ ਮੰਤਰੀ ਸਾਹਿਬ ਆਪਣਾ ਤਾਂ ਕਬਜ਼ਾ ਛੱਡ ਦਿਓ। ਭੱਠਲ ਜੀ ਦੀ ਕੋਠੀ ਖਾਲੀ ਕਰਵਾ ਕੇ ਵੱਡੇ-ਵੱਡੇ ਇਸ਼ਤਿਹਾਰ ਦਿੱਤੇ ਸੀ ਆਪਣੀ ਵਾਰ ਤੁਸੀਂ ਸਰਕਾਰੀ ਕੋਠੀ ਨੂੰ ਖਾਲੀ ਨਹੀਂ ਕਰ ਰਹੇ ਹੋ।’
ਲੋਕ ਸਭਾ ਸਕੱਤਰੇਤ ਮੁਤਾਬਕ 14 ਅਪ੍ਰੈਲ ਤੋਂ ਪਹਿਲਾਂ ਉਨ੍ਹਾਂ ਨੂੰ ਬੰਗਲਾ ਖਾਲੀ ਕਰ ਦੇਣਾ ਚਾਹੀਦਾ ਸੀ, ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਇਸ ਲਈ ਇਸ ਨੂੰ ਅਣਅਧਿਕਾਰਤ ਕਬਜ਼ਾ ਮੰਨਿਆ ਜਾਵੇਗਾ। ਸਕੱਤਰੇਤ ਨੇ ਅਸਟੇਟ ਅਫਸਰ ਨੂੰ ਇੱਕ ਅਰਜ਼ੀ ਭੇਜੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸਾਬਕਾ ਸੰਸਦ ਮੈਂਬਰ ਭਗਵੰਤ ਮਾਨ ਨੇ ਬੰਗਲਾ ਖਾਲੀ ਨਹੀਂ ਕੀਤਾ ਹੈ । ਇੱਕ ਹੁਕਮ ਜਾਰੀ ਕਰਕੇ ਉਨ੍ਹਾਂ ਵਿਰੁੱਧ ਬੇਦਖ਼ਲੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਇਹ ਸਰਕਾਰੀ ਬੰਗਲਾ ਆਰਐਲਪੀ ਪ੍ਰਧਾਨ ਅਤੇ ਰਾਜਸਥਾਨ ਤੋਂ ਸੰਸਦ ਮੈਂਬਰ ਹਨੂੰਮਾਨ ਬੈਨੀਵਾਲ ਨੂੰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਕੰਮ ਕਰਨ ਵਾਲੇ ਕੇਂਦਰ ਸਰਕਾਰ ਦੇ ਕਰਮਚਾਰੀਆਂ, ਸੰਸਦ ਮੈਂਬਰਾਂ, ਜੱਜਾਂ ਨੂੰ ਦਿੱਲੀ ਵਿੱਚ ਸਰਕਾਰੀ ਬੰਗਲੇ ਦਿੱਤੇ ਜਾਂਦੇ ਹਨ । ਜਦੋਂ ਉਨ੍ਹਾਂ ਦਾ ਕਾਰਜਕਾਲ ਪੂਰਾ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਬੰਗਲਾ ਖਾਲੀ ਕਰਨਾ ਪੈਂਦਾ ਹੈ । ਪੀਆਰਐਸ ਕਾਨੂੰਨ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਕਾਰਜਕਾਲ ਖਤਮ ਹੋਣ ਤੋਂ ਬਾਅਦ ਵੀ ਬੰਗਲਾ ਖਾਲੀ ਨਹੀਂ ਕਰਦਾ ਤਾਂ ਉਸ ਨੂੰ ਨੋਟਿਸ ਭੇਜਿਆ ਜਾਂਦਾ ਹੈ । ਇਹ ਨੋਟਿਸ ਕੇਂਦਰ ਸਰਕਾਰ ਦਾ ਸੰਪਤੀ ਅਧਿਕਾਰੀ ਭੇਜਦਾ ਹੈ। 3 ਦਿਨਾਂ ਦੇ ਅੰਦਰ ਸਬੰਧਤ ਵਿਅਕਤੀ ਨੂੰ ਜਵਾਬ ਦੇਣਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: