ਲਖੀਮਪੁਰ ਖੀਰੀ ਦੇ ਭਾਰਤੀ ਕਿਸਾਨ ਯੂਨੀਅਨ ਰਾਕੇਸ਼ ਟਿਕੈਤ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਹਮਲੇ ਵਿਚ ਬਾਈਕ ਸਵਾਰ ਲੋਕਾਂ ਨੇ ਦਿਲਬਾਗ ਦੀ ਕਾਰ ‘ਤੇ ਤਾਬੜਤੋੜ ਫਾਇਰਿੰਗ ਕੀਤੀ। ਹਾਲਾਂਕਿ ਹਮਲੇ ਵਿਚ ਦਿਲਬਾਗ ਸਿੰਘ ਵਾਲ-ਵਾਲ ਬਚ ਗਏ ਹਨ। ਦਿਲਬਾਗ ਖੀਰੀ ਦੇ ਤਿਕੋਨੀਆ ਹਿੰਸਾ ਮਾਮਲੇ ਵਿਚ ਗਵਾਹ ਵੀ ਹਨ। ਮਾਮਲੇ ਵਿਚ ਪੁਲਿਸ ਨੇ ਦੋ ਅਣਪਛਾਤੇ ਹਮਲਾਵਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਉਥੇ ਇਸ ਤੋਂ ਪਹਿਲਾਂ ਦੋ ਹੋਰ ਗਵਾਹਾਂ ‘ਤੇ ਵੀ ਹਮਲਾ ਹੋ ਚੁੱਕਾ ਹੈ।
ਘਟਨਾ ਉਸ ਸਮੇਂ ਹੋਈ ਜਦੋਂ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਆਪਣੀ ਕਾਰ ਤੋਂ ਘਰ ਵਾਪਸ ਜਾ ਰਹੇ ਸਨ। ਦੋ ਬਾਈਕ ਸਵਾਰ ਹਮਲਾਵਰਾਂ ਨੇ ਪਹਿਲਾਂ ਉਨ੍ਹਾਂ ਦੀ ਕਾਰ ਦੇ ਅਗਲੇ ਟਾਇਰਾਂ ‘ਤੇ ਗੋਲੀ ਮਾਰ ਕੇ ਪੰਚਰ ਕਰ ਦਿ4ਤੀ। ਇਸ ਦੇ ਬਾਅਦ ਕਾਰ ਦੇ ਨੇੜੇ ਜਾ ਕੇ ਤਾਬੜਤੋੜ ਗੋਲੀਆਂ ਚਲਾਈਆਂ ਪਰ ਗਨੀਮਤ ਰਹੀ ਕਿ ਦਿਲਬਾਗ ਸਿੰਘ ਨੂੰ ਗੋਲੀ ਨਹੀਂ ਲੱਗੀ। ਹਨ੍ਹੇਰੇ ਦਾ ਫਾਇਦਾ ਚੁੱਕਦੇ ਹੋਏ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਮੌਕੇ ‘ਤੇ ਪਹੁੰਚੀ ਪੁਲਿਸ ਦੀ ਟੀਮ ਨੇ ਦਿਲਬਾਗ ਸਿੰਘ ਤੋਂ ਘਟਨਾ ਦੀ ਪੂਰੀ ਜਾਣਕਾਰੀ ਲਈ ਤੇ ਸ਼ੱਕੀ ਲੋਕਾਂ ਦੀ ਤਲਾਸ਼ ਵਿਚ ਸਰਚ ਮੁਹਿੰਮ ਚਲਾਈ। ਹੁਣ ਤੱਕ ਪੁਲਿਸ ਕਿਸੇ ਵੀ ਹਮਲਾਵਰ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ। ਪੁਲਿਸ ਵੱਲੋਂ ਦਿਲਬਾਗ ਸਿੰਘ ਨੂੰ ਸੁਰੱਖਿਆ ਮੁਲਾਜ਼ਮ ਮੁਹੱਈਆ ਕਰਵਾਇਆ ਗਿਆ ਹੈ ਪਰ ਘਟਨਾ ਸਮੇਂ ਸੁਰੱਖਿਆ ਕਰਮੀ ਨਾਲ ਨਹੀਂ ਸੀ।
ਦੱਸ ਦੇਈਏ ਕਿ ਨਿਘਾਸਨ ਇਲਾਕੇ ਦੇ ਕੁਲਹੌਰੀ ਪਿੰਡ ਦੇ ਰਹਿਣ ਵਾਲੇ ਕਿਸਾਨ ਦਿਲਜੋਤ ਸਿੰਘ ਪੁੱਤਰ ਜਰਨੈਲ ਸਿੰਘ ਵੀ ਤਿਕੁਨੀਆ ਕਾਂਡ ਦੇ ਗਵਾਹ ਹਨ। ਇਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਸੁਰੱਖਿਆ ਦਿੱਤੀ ਗਈ ਹੈ। ਬੀਤੀ 10 ਮਾਰਚ ਦੀ ਦੇਰ ਸ਼ਾਮ ਉਹ ਬੇਲਰਾਯਾਂ ਖੰਡ ਮਿੱਲ ਵਿਚ ਗੰਨਾ ਤੌਲ ਲਈ ਜਾ ਰਹੇ ਸਨ ਕਿ ਰਸਤੇ ਵਿਚ ਡਾਂਗਾ ਪਿੰਡ ਕੋਲ ਸੜਕ ‘ਤੇ ਜਸ਼ਨ ਮਨਾ ਰਹੇ ਕੁਝ ਲੋਕਾਂ ਨਾਲ ਵਿਵਾਦ ਹੋ ਗਿਆ। ਲੋਕਾਂ ਦੇ ਹਮਲੇ ਵਿਚ ਦਿਲਜੋਤ ਜ਼ਖਮੀ ਹੋ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: