ਪੰਜਾਬ ਵਿਚ ਕਾਂਗਰਸ ਦੇ ਦੋ ਸੀਨੀਅਰ ਨੇਤਾ ਜਲਦ ਹੀ ਭਾਜਪਾ ਵਿਚ ਜਾਣ ਦਾ ਐਲਾਨ ਕਰ ਸਕਦੇ ਹਨ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਵਿਚ ਸੁਨੀਲ ਜਾਖੜ ਦੇ ਬਾਅਦ ਇਹ ਦੂਜਾ ਵੱਡਾ ਝਟਕਾ ਹੋਵੇਗਾ। ਫਿਲਹਾਲ ਦੋਵੇਂ ਨੇਤਾਵਾਂ ਨੇ ਚੁੱਪੀ ਸਾਧ ਰੱਖੀ ਹੈ ਤੇ ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਕਰ ਰਹੇ ਹਨ ਪਰ ਇਨ੍ਹਾਂ ਦੋਵੇਂ ਨੇਤਾਵਾਂ ਦੀ ਰਾਸ਼ਟਰੀ ਭਾਜਪਾ ਨੇਤਾਵਾਂ ਨਾਲ ਗੱਲਬਾਤ ਚੱਲ ਰਹੀ ਹੈ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਤੇ ਸਾਬਕਾ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਕਦੇ ਵੀ ਭਾਜਪਾ ਦਾ ਰੁਖ ਕਰ ਸਕਦੇ ਹਨ ਤੇ ਜੇਕਰ ਅਜਿਹਾ ਹੋਇਆ ਤਾਂ ਕਾਂਗਰਸ ਦਾ ਅੰਮ੍ਰਿਤਸਰ ਸ਼ਹਿਰੀ ਖੇਤਰ ਵਿਚ ਕਾਫੀ ਨੁਕਸਾਨ ਹੋਵੇਗਾ। ਦੋਵੇਂ ਹਿੰਦੂ ਚਿਹਰੇ ਹਨ ਤੇ ਰਾਜ ਕੁਮਾਰ ਵੇਰਕਾ ਦਲਿਤ ਕਮਿਊਨਿਟੀ ਦੇ ਵੱਡੇ ਨੇਤਾ ਮੰਨੇ ਜਾਂਦੇ ਹਨ ਪਰ ਹੁਣ ਇਨ੍ਹਾਂ ਨੇਤਾਵਾਂ ਦੇ ਭਾਜਪਾ ਵਿਚ ਜਾਣ ਦੀਆਂ ਅਟਕਲਾਂ ਦੇ ਬਾਅਦ ਕਾਂਗਰਸ ਵਿਚ ਵੀ ਹਲਚਲ ਪੈਦਾ ਹੋ ਗਈ ਹੈ।
ਪੰਜਾਬ ਵਿਚ ਓਮ ਪ੍ਰਕਾਸ਼ ਸੋਨੀ ਤੇ ਰਾਜ ਕੁਮਾਰ ਵੇਰਕਾ ਦਾ ਇੱਕ ਵੱਖਰਾ ਰੁਤਬਾ ਹੈ। 2022 ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਕਦੇ ਵੀ ਕੋਈ ਵਿਧਾਨ ਸਭਾ ਚੋਣ ਨਹੀਂ ਹਾਰੀ। ਰਾਜ ਕੁਮਾਰ ਵੇਰਕਾ ਵੀ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਇਸ ਦੇ ਬਾਵਜੂਦ ਕਾਂਗਰਸ ਹਾਈਕਮਾਨ ਉਨ੍ਹਾਂ ਨੂੰ ਦਰਕਿਨਾਰ ਕਰ ਰਹੀ ਹੈ। ਪੰਜਾਬ ਵਿਚ ਹਾਰ ‘ਤੇ ਮੰਥਨ ‘ਚ ਇਨ੍ਹਾਂ ਦੋਵੇਂ ਨੇਤਾਵਾਂ ਨੂੰ ਪੂਰੀ ਤਰ੍ਹਾਂ ਤੋਂ ਨਜ਼ਰਅੰਦਾਜ਼ ਕੀਤਾ ਗਿਆ, ਜਿਸ ਦੇ ਚੱਲਦਿਆਂ ਆਪਣੀ ਸਾਖ ਬਚਾਏ ਰੱਖਣ ਲਈ ਇਹ ਕਦਮ ਚੁੱਕਣਾ ਪੈ ਸਕਦਾ ਹੈ।
ਦੋਵੇਂ ਨੇਤਾਵਾਂ ਦੀ ਬੀਤੇ ਕੁਝ ਦਿਨਾਂ ਤੋਂ ਭਾਜਪਾ ਦੇ ਸੀਨੀਅਰ ਨੇਤਾਵਾਂ ਨਾਲ ਗੱਲਬਾਤ ਚੱਲ ਰਹੀ ਹੈ। ਦੋਵੇਂ ਨੇਤਾ ਭਾਜਪਾ ਦਾ ਰੁਖ਼ ਕਰਨ ਲਈ ਮੰਨ ਵੀ ਚੁੱਕੇ ਹਨ ਸਿਰਫ ਉਨ੍ਹਾਂ ਨੇਤਾਵਾਂ ਦੀ ਪੂਰੀ ਸਹਿਮਤੀ ਦੇ ਬਾਅਦ ਪਾਰਟੀ ਜੁਆਇਨ ਕਰਨ ਦਾ ਰਸਮੀ ਐਲਾਨ ਹੀ ਬਾਕੀ ਹੈ।
ਦੱਸ ਦੇਈਏ ਕਿ ਕਾਂਗਰਸ ਹਾਈਕਮਾਨ ਤੋਂ ਨਾਰਾਜ਼ ਹੋ ਕੇ ਚੋਣ ਤੋਂ 6 ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਦਾ ਅਹੁਦਾ ਛੱਡਿਆ ਤੇ ਕਾਂਗਰਸ ਛੱਡ ਕੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਬਣਾ ਕੇ ਉੁਸ ਨੂੰ ਭਾਜਪਾ ਨਾਲ ਮਿਲਾ ਲਿਆ। ਇਸ ਤੋਂ ਬਾਅਦ ਕਾਂਗਰਸ ਬਿਖਰਦੀ ਚਲੀ ਗਈ। ਨਵਜੋਤ ਸਿੰਘ ਸਿੱਧੂ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਚ ਬਣੀਆਂ ਦੂਰੀਆਂ ਨੇ ਹਾਰ ਤੱਕ ਪਹੁੰਚਾ ਦਿੱਤਾ। ਇਸ ਦਰਮਿਆਨ ਜਾਖੜ ਵਰਗੇ ਸੀਨੀਅਰ ਨੇਤਾਵਾਂ ਦੇ ਕਾਂਗਰਸ ਛੱਡਣ ਦੇ ਬਾਅਦ ਦੋ ਹੋਰ ਵੱਡੇ ਨੇਤਾਵਾਂ ਦੇ ਭਾਜਪਾ ਵਿਚ ਜਾਣ ਨਾਲ ਪੰਜਾਬ ਵਿਚ ਪਾਰਟੀ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: