ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਇੱਕ ਨਵਾਂ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ ਹੈ। NHAI ਨੇ ਸਿਰਫ 105 ਘੰਟਿਆਂ ਵਿੱਚ 75 ਕਿਲੋਮੀਟਰ ਲੰਬੀ ਬਿਟੂਮਿਨਸ ਕੰਕਰੀਟ ਸੜਕ ਬਣਾ ਕੇ ਪੂਰੀ ਦੁਨੀਆ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ ਹੈ। ਇੱਥੇ ਇਹ ਰਿਕਾਰਡ ਮਹਾਰਾਸ਼ਟਰ ਦੇ ਅਮਰਾਵਤੀ ਅਤੇ ਅਕੋਲਾ ਵਿਚਕਾਰ ਰੂਟ ‘ਤੇ 105 ਘੰਟੇ 33 ਮਿੰਟ ਦੇ ਰਿਕਾਰਡ ਸਮੇਂ ‘ਚ ਪੂਰਾ ਹੋਇਆ ਹੈ।
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਗਡਕਰੀ ਨੇ ਆਪਣੇ ਟਵੀਟ ਦੇ ਸੱਤ ਗਿਨੀਜ਼ ਵਰਲਡ ਰਿਕਾਰਡ ਦਾ ਸਰਟੀਫਿਕੇਟ ਵੀ ਪੋਸਟ ਕੀਤਾ ਹੈ। ਇਸ ਤੋਂ ਇਲਾਵਾ ਇੱਕ ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ ਨਿਤਿਨ ਗਡਕਰੀ ਨੇ ਲਿਖਿਆ ਕਿ ਇਹ ਦੇਸ਼ ਲਈ ਮਾਣ ਵਾਲਾ ਪਲ ਹੈ।
ਗਡਕਰੀ ਨੇ ਵੀਡੀਓ ਸੰਦੇਸ਼ ਰਾਹੀਂ NHAI ਅਤੇ ਰਾਜ ਪਥ ਇਨਫਰਾਕਾਨ ਪ੍ਰਾਈਵੇਟ ਲਿਮਟਿਡ ਦੇ ਸਾਰੇ ਇੰਜੀਨੀਅਰਾਂ, ਠੇਕੇਦਾਰਾਂ, ਸਲਾਹਕਾਰਾਂ ਅਤੇ ਵਰਕਰਾਂ ਨੂੰ ਵਿਸ਼ਵ ਰਿਕਾਰਡ ਬਣਾਉਣ ਲਈ ਵਧਾਈ ਦਿੱਤੀ, ਜਿਨ੍ਹਾਂ ਨੇ ਇਸ ਵਿਸ਼ਵ ਰਿਕਾਰਡ ਨੂੰ ਸਫਲਤਾਪੂਰਵਕ ਹਾਸਲ ਕਰਨ ਵਿੱਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰਾਵਤੀ ਅਤੇ ਅਕੋਲਾ ਜ਼ਿਲ੍ਹਿਆਂ ਵਿਚਕਾਰ ਰਾਸ਼ਟਰੀ ਰਾਜ ਮਾਰਗ 53 ‘ਤੇ 105 ਘੰਟੇ 33 ਮਿੰਟ ਵਿੱਚ ਸਿੰਗਲ ਲੇਨ ਵਿੱਚ 75 ਕਿਲੋਮੀਟਰ ਬਿਟੁਮਿਨਸ ਕੰਕਰੀਟ ਵਿਛਾਉਣ ਦਾ ਰਿਕਾਰਡ ਬਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ, 75 ਕਿਲੋਮੀਟਰ ਸਿੰਗਲ-ਲੇਨ ਬਿਟੂਮਿਨਸ ਕੰਕਰੀਟ ਸੜਕ ਦਾ ਕੰਮ 3 ਜੂਨ 2022 ਨੂੰ ਸਵੇਰੇ 7:27 ਵਜੇ ਸ਼ੁਰੂ ਹੋਇਆ ਅਤੇ 7 ਜੂਨ ਨੂੰ ਸ਼ਾਮ 5 ਵਜੇ ਪੂਰਾ ਹੋਇਆ। ਉਨ੍ਹਾਂ ਦੱਸਿਆ ਕਿ ਸੜਕ ਨੂੰ ਬਣਾਉਣ ਲਈ ਕੁੱਲ 36,634 ਮੀਟ੍ਰਿਕ ਟਨ ਸਮੱਗਰੀ ਵਰਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ 720 ਵਰਕਰਾਂ ਨੇ ਪੂਰਾ ਕੀਤਾ ਜਿਸ ਵਿਚ ਸਲਾਹਕਾਰਾਂ ਦੀ ਟੀਮ ਵੀ ਸ਼ਾਮਲ ਹੈ, ਜਿਨ੍ਹਾਂ ਨੇ ਕੰਮ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕੀਤੀ।
ਵੀਡੀਓ ਲਈ ਕਲਿੱਕ ਕਰੋ -: