ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਸਥਿਤ ਗੁਰਦੁਆਰਾ ਕਾਰਤੇ ਪਰਵਾਨ ‘ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ। ਕਾਬੁਲ ਵਿਚ ਸ਼ਨੀਵਾਰ ਨੂੰ ਇੱਕ ਗੁਰਦੁਆਰੇ ਵਿਚ ਕਈ ਧਮਾਕੇ ਹੋਏ ਜਿਸ ਵਿਚ ਇੱਕ ਸਿੱਖ ਸਣੇ ਦੋ ਲੋਕਾਂ ਦੀ ਮੌਤ ਹੋ ਗਈ ਤੇ 7 ਹੋਰ ਜ਼ਖਮੀ ਹੋ ਗਏ।
ਪੀਐੱਮ ਮੋਦੀ ਨੇ ਟਵੀਟ ਕੀਤਾ-‘ਕਾਬੁਲ ਵਿਚ ਕਾਰਤੇ ਪਰਵਾਨ ਗੁਰਦੁਆਰੇ ‘ਤੇ ਹਮਲੇ ਤੋਂ ਹੈਰਾਨ ਹਾਂ। ਇਸ ਇਸ ਹਮਲੇ ਦੀ ਨਿੰਦਾ ਕਰਦਾ ਹਾਂ ਤੇ ਸ਼ਰਧਾਲੂਆਂ ਦੀ ਸੁਰੱਖਿਆ ਤੇ ਸਲਾਮਤੀ ਲਈ ਪ੍ਰਾਰਥਨਾ ਕਰਦਾ ਹਾਂ।’ ਦੂਜੇ ਪਾਸੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਗੁਰਦੁਆਰੇ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ ਤੇ ਕਿਹਾ ਕਿ ਭਾਰਤ ਕਾਬੁਲ ‘ਤੇ ਹੋਏ ਹਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਿਹਾ ਹੈ। ਉਨ੍ਹਾਂ ਟਵੀਟ ਕੀਤਾ ਕਿ-ਗੁਰਦੁਆਰੇ ਕਾਰਤੇ ਪਰਵਾਨ ‘ਤੇ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਹਮਲੇ ਦੀ ਖਬਰ ਮਿਲਣ ਦੇ ਬਾਅਦ ਅਸੀਂ ਘਟਨਾ ਵਾਲੀ ਥਾਂ ‘ਤੇ ਨੇੜੇ ਤੋਂ ਨਜ਼ਰ ਰੱਖ ਰਹੇ ਹਾਂ। ਸਾਡੀ ਪਹਿਲੀ ਤੇ ਸਭ ਤੋਂ ਮਹੱਤਵਪੂਰਨ ਚਿੰਤਾ ਭਾਈਚਾਰੇ ਦੇ ਕਲਿਆਣ ਲਈ ਹੈ।
ਦੱਸ ਦੇਈਏ ਕਿ ਕਾਬੁਲ ‘ਚ ਸ਼ਨੀਵਾਰ ਨੂੰ ਗੁਰਦੁਆਰੇ ਕਾਰਤੇ ਪਰਵਾਨ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਹਮਲਾ ਕੀਤੇ ਜਾਣ ਦੇ ਬਾਅਦ ਇੱਕ ਸਿੱਖ ਵਿਅਕਤੀ ਤੇ ਇੱਕ ਮੁਸਲਿਮ ਸੁਰੱਖਿਆ ਗਾਰਡ ਸਣੇ ਦੋ ਨਾਗਰਿਕਾਂ ਦੀ ਮੌਤ ਹੋ ਗਈ। ਧਮਾਕੇ ਤੋਂ ਬਾਅਦ ਗੁਰਦੁਆਰੇ ਨਾਲ ਜੁੜੀਆਂ ਕੁਝ ਦੁਕਾਨਾਂ ‘ਚ ਅੱਗ ਲੱਗ ਗਈ। ਗੁਰਦੁਆਰੇ ਵਿਚ ਸਵੇਰ ਦੀ ਪ੍ਰਾਰਥਨਾ ਲਈ 25-30 ਅਫਗਾਨ ਹਿੰਦੂ ਤੇ ਸਿੱਖ ਮੌਜੂਦ ਸਨ ਅਤੇ ਜਿਵੇਂ ਹੀ ਹਮਲਾਵਰ ਦਾਖਲ ਹੋਏ, ਇਨ੍ਹਾਂ ਵਿਚੋਂ ਲਗਭਗ 10-15 ਭੱਜਣ ਵਿਚ ਸਫਲ ਰਹੇ। ਬਾਕੀ ਲੋਕ ਜਾਂ ਤਾਂ ਅੰਦਰ ਫਸ ਗਏ ਹਨ ਤੇ ਜਾਂ ਉਨ੍ਹਾਂ ਦੇ ਮਰਨ ਦੀ ਸ਼ੰਕਾ ਹੈ।
ਵੀਡੀਓ ਲਈ ਕਲਿੱਕ ਕਰੋ -: