ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੌਜੂਦਾ ਸੈਸ਼ਨ ਦੀ ਮਿਆਦ ਵਧਾਉਣ ਦੀ ਮੰਗ ਚੁੱਕੀ। ਉਨ੍ਹਾਂ ਸੱਤਾ ਧਿਰ ਤੋਂ ਮੈਂਬਰਾਂ ਦਾ ਹਵਾਲਾ ਦਿੰਦੇ ਹੋਏ ਸਪੀਕਰ ਨੂੰ ਕਿਹਾ ਕਿ ਜਦੋਂ ਉਹ ਵਿਰੋਧੀ ਧਿਰ ਵਿਚ ਸਨ ਤਾਂ ਹਰ ਵਾਰ ਵਿਧਾਨ ਸਭਾ ਸੈਸ਼ਨ ਦੀ ਮਿਆਦ ਵਧਾਉਣ ਦੀ ਮੰਗ ਕਰਦੇ ਸਨ ਪਰ ਇਨ੍ਹਾਂ ਨੇ ਸੱਤਾ ਵਿਚ ਆਉਂਦੇ ਹੀ ਇਹ ਸੈਸ਼ਨ ਸਿਰਫ 6 ਦਿਨ ਦਾ ਬੁਲਾਇਆ ਹੈ, ਜੋ ਬਹੁਤ ਹੀ ਘੱਟ ਹੈ। ਇੰਨੇ ਘੱਟ ਸਮੇਂ ਵਿਚ ਸਾਰੇ ਮੈਂਬਰ ਆਪਣੀ ਗੱਲ ਨਹੀਂ ਰੱਖ ਸਕਣਗੇ।
ਬਾਜਵਾ ਦਾ ਸਾਥ ਦਿੰਦੇ ਹੋਏ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੁਝ ਕਾਗਜ਼ ਸਦਨ ਵਿਚ ਦਿਖਾਉਂਦੇ ਹੋਏ ਕਿਹਾ ਕਿ ਇਹ ‘ਆਪ’ ਵਿਧਾਇਕ ਅਮਨ ਅਰੋੜਾ, ਜੈਕਿਸ਼ਨ ਰੋੜੀ ਤੇ ਹਰਪਾਲ ਸਿੰਘ ਚੀਮਾ ਦੇ ਉਹ ਮੰਗ ਪੱਤਰ ਹਨ ਜੋ ਉਨ੍ਹਾਂ ਨੇ ਵਿਰੋਧ ਧਿਰ ਵਿਚ ਰਹਿੰਦੇ ਹੋਏ ਸਪੀਕਰ ਨੂੰ ਲਿਖ ਕੇ ਸੈਸ਼ਨ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਸੀ। ਖਹਿਰਾ ਨੇ ਕਿਹਾ ਕਿ ਸਿਰਫ 6 ਦਿਨ ਦਾ ਬਜਟ ਸੈਸ਼ਨ ਵਿਧਾਨ ਸਭਾ ਦੇ ਇਤਿਹਾਸ ਦਾ ਸ਼ਾਇਦ ਸਭ ਤੋਂ ਛੋਟਾ ਸੈਸ਼ਨ ਹੈ ਜਿਸ ਵਿਚ ਹਰੇਕ ਵਿਧਾਇਕ ਤਾਂ ਬਿਨਾਂਕੁਝ ਬੋਲੇ ਹੀ ਵਾਪਸ ਪਰਤ ਜਾਣਗੇ ਕਿਉਂਕਿ ਉਨ੍ਹਾਂ ਨੂੰ ਸਮਾਂ ਹੀ ਨਹੀਂ ਮਿਲ ਸਕੇਗਾ।
ਖਹਿਰਾ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਚੁੱਕੀ ਗਈ ਮੰਗ ਦਾ ਸਮਰਥਨ ਕਰਦੇ ਹੋਏ ਮੌਜੂਦਾ ਸੈਸ਼ਨ ਨੂੰ 20 ਦਿਨ ਦਾ ਕਰਨ ਦੀ ਮੰਗ ਰੱਖੀ। ਇਸ ‘ਤੇ ਸਪੀਰਕ ਨੇ ਕਿਹਾ ਕਿ ਇਸ ਵਾਰ ਕੁਝ ਮਜਬੂਰੀ ਹੈ, ਇਸ ਲਈ ਛੋਟੇ ਸੈਸ਼ਨ ਨੂੰ ਵੀ ਡਬਲ ਕਰਕੇ ਕੰਮਕਾਜ ਦੇ ਘੰਟੇ ਵਧਾਏ ਗਏ ਹਨ।
ਸਦਨ ਵਿਚ ਮੈਂਬਰਾਂ ਨੂੰ ਆਪਣੀ ਗੱਲ ਕਹਿਣ ਲਈ ਮਿਲਣ ਵਾਲੇ ਸਮੇਂ ਦਾ ਜ਼ਿਕਰ ਕਰਦੇ ਹੋਏ ਸਪੀਕਰ ਨੇ ਕਿਹਾ ਕਿ ਰਾਜਪਾਲ ਦੇ ਭਾਸ਼ਣ ‘ਤੇ ਸਾਰੇ ਮੈਂਬਰਾਂ ਨੂੰ ਆਪਣੀ ਪਾਰਟੀ ਦੇ ਅਨੁਪਾਤ ਦੇ ਆਧਾਰ ‘ਤੇ ਸਮਾਂ ਤੈਅ ਕਰ ਦਿੱਤਾ ਹੈ। ਇਸ ਤਹਿਤ ਆਜ਼ਾਦ ਉਮੀਦਵਾਰ ਨੂੰ 3 ਮਿੰਟ, ਬਸਪਾ ਨੂੰ 3 ਮਿੰਟ ਭਾਜਪਾ ਮੈਂਬਰਾਂ ਨੂੰ 6 ਮਿੰਟ, ਅਕਾਲੀ ਦਲ ਦੇ ਮੈਂਬਰਾਂ ਨੂੰ 9 ਮਿੰਟ ਤੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੂੰ 4 ਘੰਟੇ 43 ਮਿੰਟ ਦਾ ਸਮਾਂ ਦਿੱਤਾ ਗਿਆ ਹੈ।
ਪ੍ਰਸ਼ਨਕਾਲ ਦੌਰਾਨ ਜਦੋਂ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਸੂਬੇ ਦੇ ਸਕੂਲਾਂ ਵਿਚ ਸੁਧਾਰ ਦੀ ਗੱਲ ਕਹਿ ਰਹੇ ਸਨ ਤਾਂ ਬਾਜਵਾ ਨੇ ਕਿਹਾ ਕਿ ਦੇਸ਼ ਭਰ ਵਿਚ ਸਿੱਖਿਆ ਨੂੰ ਲੈ ਕੇ ਪੰਜਾਬ ਨੰਬਰ ਵਨ ਆਇਆ ਹੈ ਪਰ ਵੀ ਪੰਜਾਬ ਸਰਕਾਰ ਇਸ ਨੂੰ ਅਪਣਾ ਨਹੀਂ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ।
ਇਸ ‘ਤੇ ਸਦਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਸਕੂਲਾਂ ਨੂੰ ਬਾਹਰ ਤੋਂ ਪੇਂਟ ਕਰ ਦੇਣ ਨਾਲ ਉਹ ਸਮਾਰਟ ਸਕੂਲ ਨਹੀਂ ਬਣਦੇ। ਸਕੂਲ ਦੇ ਅੰਦਰ ਕੀ ਹਾਲ ਹੈ, ਕੋਈ ਬੁਨਿਆਦੀ ਢਾਂਚਾ ਹੈ, ਕੋਈ ਬੈਠਣ ਦੀ ਜਗ੍ਹਾ ਹੈ, ਪੀਣ ਦਾ ਪਾਣੀ ਹੈ, ਟੀਚਰ ਹੈ? ਉਨ੍ਹਾਂ ਕਿਹਾ ਕਿ ਇਹ ਨੰਬਰ ਵਨ ਨਹੀਂ ਹੈ। ਇਹ ਜਾਅਲੀ ਨੰਬਰ ਵਨ ਹਨ ਤੇ ਅਸਲੀ ਨੰਬਰ ਵਨ ਅਸੀਂ ਕਰਕੇ ਦਿਖਾਵਾਂਗੇ।
ਵੀਡੀਓ ਲਈ ਕਲਿੱਕ ਕਰੋ -: