ਚੰਡੀਗੜ੍ਹ : ਪੰਜਾਬ ਨੂੰ ਨਵਾਂ ਮੁੱਖ ਸਕੱਤਰ ਮਿਲ ਗਿਆ ਹੈ। ਸੂਬਾ ਸਰਕਾਰ ਵੱਲੋਂ 1989 ਬੈਚ ਦੇ ਆਈਏਐਸ ਅਧਿਕਾਰੀ ਵਿਜੇ ਕੁਮਾਰ ਜੰਜੂਆ ਨੂੰ ਸਰਕਾਰ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਅਨੀਰੁੱਧ ਦੀ ਜਗ੍ਹਾ ਹੁਣ ਵੀਕੇ ਜੰਜੂਆ ਪੰਜਾਬ ਦੇ ਨਵੇਂ ਮੁੱਖ ਸਕੱਤਰ ਹੋਣਗੇ। ਉਨ੍ਹਾਂ ਨੂੰ ਪਰਸੋਨਲ ਤੇ ਵਿਜੀਲੈਂਸ ਦੇ ਪ੍ਰਿੰਸੀਪਲ ਸੈਕ੍ਰੇਟਰੀ ਦਾ ਵੀ ਚਾਰਜ ਦਿੱਤਾ ਗਿਆ ਹੈ।
ਹੁਣ ਤੱਕ ਵੀਕੇ ਜੰਜੂਆ ਸਪੈਸ਼ਲ ਚੀਫ ਸੈਕ੍ਰੇਟਰੀ ਜੇਲ੍ਹ ਤੇ ਇਲੈਕਸ਼ਨ ਦਾ ਕਾਰਜਭਾਰ ਦੇਖ ਰਹੇ ਸਨ। ਸਰਕਾਰ ਦੀ ਇਸ ਨਿਯੁਕਤੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅਨੀਰੁੱਧ ਤਿਵਾੜੀ ਨੂੰ ਮਗਸੀਪਾ ਦਾ ਚੇਅਰਮੈਨ ਲਗਾਇਆ ਗਿਆ ਹੈ।
ਇਸ ਤੋਂ ਪਹਿਲਾਂ ਸਰਕਾਰ ਨੇ ਡੀਜੀਪੀ ਵੀਕੇ ਭਾਵਰਾ ਨੂੰ ਬਦਲਣ ਦੀ ਤਿਆਰੀ ਕੀਤੀ ਸੀ ਜਿਸ ਦੇ ਬਾਅਦ ਉਨ੍ਹਾਂ ਨੂੰ ਕੇਂਦਰੀ ਡੈਪੂਟੇਸ਼ਨ ਲਈ ਅਪਲਾਈ ਕਰ ਦਿੱਤਾ ਤੇ 2 ਮਹੀਨੇ ਦੀ ਛੁੱਟੀ ‘ਤੇ ਚਲੇ ਗਏ। ਉਨ੍ਹਾਂ ਦੀ ਜਗ੍ਹਾ ਗੌਰਵ ਯਾਦਵ ਨੂੰ ਕਾਰਜਕਾਰੀ ਡੀਜੀਪੀ ਲਗਾਇਆ ਗਿਆ ਹੈ।
ਅਨੀਰੁੱਧ ਤਿਵਾੜੀ ਨੂੰ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਦੇ ਬਾਅਦ ਪੰਜਾਬ ਦਾ ਮੁੱਖ ਸਕੱਤਰ ਬਣਾਇਆ ਗਿਆ ਸੀ ਜਿਸ ਸਮੇਂ ਤਿਵਾੜੀ ਮੁੱਖ ਸਕੱਤਰ ਬਣੇ, ਪੰਜਾਬ ਸਰਕਾਰ ਵਿਚ ਉਨ੍ਹਾਂ ਤੋਂ ਸੀਨੀਅਰ 5 ਆਈਏਐੱਸ ਅਧਿਕਾਰੀ ਸਨ। ਚੰਨੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਸੀਐੱਮ ਰਹਿੰਦੇ ਚੀਫ ਸੈਕ੍ਰੇਟਰੀ ਵਿਨੀ ਮਹਾਜਨ ਨੂੰ ਹਟਾ ਦਿੱਤਾ ਸੀ। ਹਾਲਾਂਕਿ ਪੰਜਾਬ ਵਿਚ ਮਾਰਚ ਮਹੀਨੇ ਵਿਚ ਸਰਕਾਰ ਬਦਲਣ ਦੇ ਬਾਅਦ ਵੀ ਆਮ ਆਦਮੀ ਪਾਰਟੀ ਨੇ ਅਨੀਰੁੱਧ ਤਿਵਾੜੀ ਨੂੰ ਨਹੀਂ ਹਟਾਇਆ ਤੇ ਹੁਣ ਅਚਾਨਕ ਇਸ ਫੈਸਲੇ ਨਾਲ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਣ ਲੱਗੀਆਂ ਹਨ।
ਮੁੱਖ ਸਕੱਤਰ ਦੇ ਇਲਾਵਾ 3 ਹੋਰ ਸੀਨੀਅਰ ਆਈਏਐੱਸ ਅਧਿਕਾਰੀਆਂ ਨੂੰ ਬਦਲਿਆ ਗਿਆ ਹੈ। ਕੇਪੀ ਸਿਨ੍ਹਾ ਨੂੰ ਐਡੀਸ਼ਨਲ ਚੀਫ ਸੈਕ੍ਰੇਟਰੀ ਫੂਡ ਪ੍ਰੋਸੈਸਿੰਗ ਲਗਾਇਆ ਗਿਆ ਹੈ।ਉਨ੍ਹਾਂ ਨੂੰ ਜੇਲ੍ਹ ਤੇ ਇਲੈਕਸ਼ਨ ਦਾ ਵੀ ਚਾਰਜ ਦਿੱਤਾ ਗਿਆ ਹੈ। ਅਜੋਯ ਸ਼ਰਮਾ ਹੈਲਥ ਸੈਕ੍ਰੇਟਰੀ ਹੋਣਗੇ। ਉਨ੍ਹਾਂ ਕੋਲ ਸੈਕ੍ਰੇਟਰੀ ਫਾਈਨਾਂਸ ਤੇ ਫਾਈਨੈਂਸ਼ੀਅਲ ਕਮਿਸ਼ਨਰ ਟੈਕਸੇਸ਼ਨ ਦਾ ਵੀ ਚਾਰਜ ਹੋਵੇਗਾ। ਕੁਮਾਰ ਰਾਹੁਲ ਨੂੰ ਇੰਪਲਾਈਮੈਂਟ ਜੈਨਰੇਸ਼ਨ ਅਤੇ ਟ੍ਰੇਨਿੰਗ ਦੇ ਨਾਲ ਜਨਰਲ ਐਡਮਿਨੀਸਟ੍ਰੇਸ਼ਨ ਤੇ ਕੋਆਰੀਡਨੇਸ਼ਨ ਦਾ ਵੀ ਚਾਰਜ ਦਿੱਤਾ ਗਿਆ ਹੈ।