ਭ੍ਰਿਸ਼ਟਾਚਾਰ ਮਾਮਲੇ ਵਿਚ ਗ੍ਰਿਫਤਾਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਹੀਂ ਦਿਖ ਰਹੀਆਂ। ਉਨ੍ਹਾਂ ‘ਤੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਜਾਇਦਾਦ ਬਾਰੇ ਜਾਣਕਾਰੀ ਲੁਕਾਉਣ ਦਾ ਖੁਲਾਸਾ ਹੋਇਆ ਹੈ। ਇਸ ਲਈ ਉਨ੍ਹਾਂ ਖਿਲਾਫ ਕੇਸ ਦਰਜ ਹੋ ਸਕਦਾ ਹੈ।
ਵਿਜੀਲੈਂਸ ਦੀ ਜਾਂਚ ਵਿਚ ਆਇਆ ਹੈ ਕਿ ਮੋਹਾਲੀ ਦੇ ਸੈਕਟਰ-80 ਵਿਚ ਇਕ ਕਨਾਲ ਦਾ ਪਲਾਟ ਉਨ੍ਹਾਂ ਦੀ ਪਤਨੀ ਸ਼ੀਲਾ ਦੇਵੀ ਦੇ ਨਾਂ ‘ਤੇ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਆਪਣੀ ਤੇ ਆਪਣੀ ਪਤਨੀ ਦੀ ਚੱਲ ਤੇ ਅਚੱਲ ਜਾਇਦਾਦ ਬਾਰੇ ਸਹੁੰ ਪੱਤਰ ਵਿਚ ਨਹੀਂ ਦਿੱਤੀ ਸੀ। ਵਿਜੀਲੈਂਸ ਨੇ ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਕੇ ਜਦੋਂ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਤਾਂ ਇਸ ਪਲਾਟ ਬਾਰੇ ਜਾਣਕਾਰੀ ਸਾਹਮਣੇ ਆਈ।
ਵਿਜੀਲੈਂਸ ਨੇ ਇਸ ਦੀ ਜਾਣਕਾਰੀ ਚੋਣ ਕਮਿਸ਼ਨ ਨੂੰ ਦੇ ਦਿੱਤੀ ਹੈ। ਪੰਜਾਬ ਚੋਣ ਅਧਿਕਾਰੀ ਦੇ ਦਫਤਰ ਦੇ ਸੂਤਰਾਂ ਮੁਤਾਬਕ ਜੇਕਰ ਇਹ ਦੋਸ਼ ਸਾਬਤ ਹੋ ਗਏ ਤਾਂ ਸਾਧੂ ਸਿੰਘ ਧਰਮਸੋਤ ਦੀ ਪ੍ਰੇਸ਼ਾਨੀ ਵਧ ਸਕਦੀ ਹੈ। ਗਲਤ ਜਾਣਕਾਰੀ ਦੇਣ ਅਤੇ ਜਾਣਕਾਰੀ ਲੁਕਾਉਣ ਨੂੰ ਲੈ ਕੇ ਉਨ੍ਹਾਂ ਖਿਲਾਫ ਕੇਸ ਵੀ ਦਰਜ ਹੋ ਸਕਦਾ ਹੈ। ਭਵਿੱਖ ਵਿਚ ਉਨ੍ਹਾਂ ਦੇ ਚੋਣ ਲੜਨ ‘ਤੇ ਰੋਕ ਵੀ ਲੱਗ ਸਕਦੀ ਹੈ।
ਜ਼ਿਕਰਯੋਗ ਹੈ ਕਿ 6 ਜੂਨ ਨੂੰ ਵਿਜੀਲੈਂਸ ਬਿਊੋ ਨੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਕੇਸ ਦਰਜ ਕੀਤਾ ਸੀ। ਇਸ ਦੇ ਬਾਅਦ ਉੁਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਉਨ੍ਹਾਂ ਨੇ ਮਈ 2021 ਵਿਚ ਮੋਹਾਲੀ ਦੇ ਸੈਕਟਰ-80 ਵਿਚ ਪਲਾਟ ਨੰਬਰ-27 ਆਪਣੀ ਪਤਨੀ ਦੇ ਨਾਂ ਖਰੀਦਿਆ ਸੀ। 9 ਜੂਨ 2021 ਨੂੰ ਗ੍ਰੇਟਰ ਮੋਹਾਲੀ ਡਿਵੈਲਪਮੈਂਟ ਅਥਾਰਟੀ ਨੇ ਇਸ ਦੀ ਮਲਕੀਅਤ ਸ਼ੀਲਾ ਦੇਵੀ ਪਤਨੀ ਸਾਧੂ ਸਿੰਘ ਧਰਮਸੋਤ ਦੇ ਨਾਂ ‘ਤੇ ਟਰਾਂਸਫਰ ਕਰ ਦਿੱਤੀ। ਗਮਾਡਾ ਦੇ ਰਿਕਾਰਡ ਮੁਤਾਬਕ 31 ਜਨਵਰੀ 2022 ਤੱਕ ਸ਼ੀਲਾ ਦੇਵੀ ਇਸ ਪਲਾਟ ਦੀ ਮਾਲਕਣ ਸੀ।
ਸਾਧੂ ਸਿੰਘ ਧਰਮਸੋਤ ਨੇ 31 ਜਨਵਰੀ 2022 ਨੂੰ ਨਾਭਾ ਵਿਧਾਨ ਸਭਾ ਖੇਤਰ ਤੋਂ ਆਪਣਾ ਨਾਮਜ਼ਦਗੀ ਪੱਤਰ ਭਰਿਆ ਸੀ, ਜਿਸ ਨਾਲ ਉੁਨ੍ਹਾਂ ਨੇ ਆਪਣਾ ਤੇ ਪਤਨੀ ਦੀ ਚੱਲ ਅਤੇ ਅਚੱਲ ਜਾਇਦਾਦ ਦਾ ਸਹੁੰ ਪੱਤਰ ਲਗਾਇਆ ਸੀ। ਇਸ ਵਿਚ ਜੋ ਵੇਰਵਾ ਦਿੱਤਾ ਗਿਆ ਹੈ ਉਸ ਵਿਚ ਇਸ ਪਲਾਟ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: