ਬੀਤੇ ਦਿਨੀਂ ਚੰਡੀਗੜ੍ਹ ਦੇ ਨਿੱਜੀ ਸਕੂਲ ਵਿਚ ਦਰੱਖਤ ਡਿਗਣ ਨਾਲ ਇੱਕ ਵਿਦਿਆਰਥਣ ਦੇ ਮਾਰੇ ਜਾਣ ਤੇ ਕਈਆਂ ਦੇ ਜ਼ਖਮੀ ਹੋਣ ਦੀ ਘਟਨਾ ਵਾਪਰੀ ਜਿਸ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਵਿਭਾਗ ਪੂਰੇ ਐਕਸ਼ਨ ਮੋਡ ਵਿਚ ਆ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਨੂੰ ਪੁਰਾਣੇ ਤੇ ਸਿਉਂਕੇ ਲੱਗੇ ਦਰੱਖਤ ਕੱਟੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਸਿੱਖਿਆ ਵਿਭਾਗ ਨੇ ਪੱਤਰ ਜਾਰੀ ਕਰਦਿਆਂ ਹੁਕਮ ਕੀਤਾ ਹੈ ਕਿ ਲਗਭਗ ਸਾਰੇ ਸਕੂਲਾਂ ਵਿਚ ਖਾਲੀ ਥਾਵਾਂ ‘ਤੇ ਤੇ ਗਰਾਊਂਡਾਂ ਵਿਚ ਬਹੁਤ ਦਰੱਖਤ ਲੱਗੇ ਹੁੰਦੇ ਹਨ ਤੇ ਵਿਦਿਆਰਥੀ ਬ੍ਰੇਕ ਟਾਈਮ ਦਰੱਖਤਾਂ ਹੇਠਾਂ ਜਾਂ ਤਾਂ ਖੇਡਦੇ ਹਨ ਜਾਂ ਲੰਚ ਖਾਂਦੇ ਹਨ। ਇਹ ਜਾਣਕਾਰੀ ਮਿਲੀ ਹੈ ਕਿ ਸਕੂਲਾਂ ਵਿਚ ਬਹੁਤ ਸਾਰੇ ਪੁਰਾਣੇ ਦਰੱਖਤ ਅਜਿਹੇ ਹਨ ਜਿਨ੍ਹਾਂ ਨੂੰ ਸਿਉਂਕ ਲੱਗੀ ਹੋਈ ਹੈ ਜੋ ਕਿਸੇ ਵੀ ਸਮੇਂ ਤੇਜ਼ ਹਨ੍ਹਰੀ ਕਾਰਨ ਡਿੱਗ ਸਕਦੇ ਹਨ।
ਇਸ ਲਈ ਸਿੱਖਿਆ ਵਿਭਾਗ ਵੱਲੋਂ ਸਾਰੇ ਸਕੂਲਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਵਿਚ ਲੱਗੇ ਅਜਿਹੇ ਰੁੱਖਾਂ ਸਬੰਧੀ ਸੂਚਨਾ ਤੁਰੰਤ ਇਕੱਠੀ ਕੀਤੀ ਜਾਵੇ । ਜਿੱਥੇ ਵਿਦਿਆਰਥੀਆਂ ਅਤੇ ਇਮਾਰਤ ਦੀ ਸੁਰੱਖਿਆ ਲਈ ਅਜਿਹੇ ਰੁੱਖਾਂ ਨੂੰ ਕਟਵਾਉਣ ਦੀ ਲੋੜ ਹੋਵੇ, ਉਸ ਸਬੰਧੀ ਕਾਰਵਾਈ ਕਰਨ ਲਈ ਵਣ ਵਿਭਾਗ ਨਾਲ ਸੰਪਰਕ ਕੀਤਾ ਜਾਵੇ ਅਤੇ ਯੋਗ ਪ੍ਰਣਾਲੀ ਰਾਹੀਂ ਮੁਕਮੰਲ ਕੇਸ ਮੁੱਖ ਦਫਤਰ ਵਿਖੇ ਭੇਜੇ ਜਾਣ।
ਇਹ ਵੀ ਪੜ੍ਹੋ : ਘਰੇਲੂ ਏਅਰਲਾਈਨਸ ਨੂੰ ਰਾਹਤ, ਅੰਤਰਰਾਸ਼ਟਰੀ ਉਡਾਣਾਂ ਲਈ ATF ‘ਤੇ ਨਹੀਂ ਦੇਣੀ ਪਵੇਗੀ ਐਕਸਾਈਜ਼ ਡਿਊਟੀ
ਜ਼ਿਕਰਯੋਗ ਹੈ ਕਿ ਕੱਲ੍ਹ ਚੰਡੀਗੜ੍ਹ ਦੇ ਸੈਕਟਰ-9 ਸਥਿਤ ਕਾਰਮਲ ਕਾਨਵੈਂਟ ਸਕੂਲ ਵਿਚ ਦਰੱਖਤ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ, ਜਿਸ ਵਿਚ ਇੱਕ ਵਿਦਿਆਰਥਣ ਦੀ ਜਾਨ ਚਲੀ ਗਈ ਤੇ ਬਹੁਤ ਸਾਰੇ ਵਿਦਿਆਰਥੀ ਇਸ ਹਾਦਸੇ ਵਿਚ ਜ਼ਖਮੀ ਹੋ ਗਏ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵਿਦਿਆਰਥੀ ਦੁਪਹਿਰ ਦਾ ਖਾਣਾ ਰੁੱਖ ਹੇਠਾਂ ਬੈਠ ਕੇ ਖਾ ਰਹੇ ਸਨ। ਇਹ ਦਰੱਖਤ ਲਗਭਗ 250 ਸਾਲ ਪੁਰਾਣਾ ਸੀ ਤੇ ਇਸ ਨੂੰ ਚੰਡੀਗੜ੍ਹ ਦੇ ਹੈਰੀਟੇਜ ਦਰੱਖਤ ਦਾ ਦਰਜਾ ਵੀ ਦਿੱਤਾ ਗਿਆ ਸੀ ਪਰ ਪੁਰਾਣਾ ਹੋਣ ਕਾਰਨ ਇਹ ਅਚਾਨਕ ਡਿੱਗ ਗਿਆ ਤੇ ਵੱਡਾ ਹਾਦਸਾ ਵਾਪਰ ਗਿਆ।
ਵੀਡੀਓ ਲਈ ਕਲਿੱਕ ਕਰੋ -: